ਇਕ ਪਾਸੇ ਮੰਦੀ ਦਾ ਰੋਣਾ, ਦੂਜੇ ਪਾਸੇ ਬੋਨਸਾਂ ਦੇ ਗੱਫੇ

Posted by Rishi In: Punjabi No comments

ਪਿਛਲੇ ਦਿਨੀਂ ਹਾਸਲ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਫੈਡਰਲ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਪਹਿਲੇ ਸਾਲ ਵਿੱਚ ਹੀ ਮਹਿੰਗਾਈ ਦੀ ਵਧੀ ਦਰ ਦੇ ਮੁਕਾਬਲੇ ਦੁੱਗਣੇ ਬੋਨਸ ਦੇ ਕੇ ਸਰਕਾਰੀ ਖ਼ਜ਼ਾਨੇ ਵਿੱਚੋਂ ਖੁੱਲ੍ਹੇ ਗੱਫੇ ਵੰਡੇ ਹਨ। ਨਾਲ ਹੀ, ਸਰਕਾਰ ਨੇ ਸਾਲ 2015-16 ਵਾਸਤੇ ਆਪਣੇ ਖ਼ਰਚ ਵਿੱਚ 3.2% ਦਾ ਵਾਧਾ ਕੀਤਾ ਹੈ। ਇਹ ਖ਼ਰਚਾ ਵੀ ਸਰਕਾਰੀ ਖੇਤਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕੀਤੇ ਗਏ 1.25% ਵਾਧੇ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਸਰਕਾਰੀ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਉਹਨਾਂ ਦੀ ਪਰਫਾਰਮੈਂਸ ਪੇਅ ਵਜੋਂ ਦਿੱਤੀ ਗਈ ਰਕਮ ਦਾ ਖ਼ਰਚਾ ਵੀ 75 ਮਿਲੀਅਨ ਡਾਲਰ ‘ਤੇ ਪਹੁੰਚ ਗਿਆ ਹੈ। ਸਿਰਫ਼ ਡਿਪਟੀ ਮੰਤਰੀਆਂ (ਇਹ ਚੁਣੇ ਹੋਏ ਨੁਮਾਂਇੰਦੇ ਨਹੀਂ ਹੁੰਦੇ, ਸੀਨੀਅਰ ਸਰਕਾਰੀ ਅਫ਼ਸਰ ਹੁੰਦੇ ਹਨ) ਨੂੰ ਹੀ ਦਿੱਤੀ ਗਈ ਪਰਫਾਰਮੈਂਸ ਪੇਅ 3.4% ਵਧ ਕੇ 47 ਲੱਖ ਡਾਲਰ ਬਣਦੀ ਹੈ।

ਸਭ ਤੋਂ ਵੱਧ ਪਰਫਾਰਮੈਂਸ ਪੇਅ ਇਮੀਗ੍ਰੇਸ਼ਨ, ਰਿਫਿਉਜੀ ਅਤੇ ਸਿਟੀਜ਼ਨਸ਼ਿਪ ਮਹਿਕਮੇ ਅਤੇ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਵਿੱਚ ਵੰਡੀ ਗਈ ਹੈ। ਅਧਿਕਾਰੀਆਂ ਦੀ ਪਰਫਾਰਮੈਂਸ ਤਨਖਾਹ ਉੱਤੇ 22% ਖ਼ਰਚਾ ਵੱਧ ਕੀਤਾ ਗਿਆ ਹੈ।

ਪਬਲਿਕ ਪ੍ਰੋਸੀਕਿਊਸ਼ਨ (ਸਰਕਾਰੀ ਵਕੀਲ) ਸਰਵਿਸ ਉੱਤੇ 17%, ਨੈਸ਼ਨਲ ਡਿਫੈਂਸ, ਕੈਨੇਡੀਅਨ ਐਨਵਾਇਰਨਮੈਂਟਲ ਅਸੈਸਮੈਂਟ ਅਤੇ ਕੈਨੇਡਾ ਸਕੂਲ ਆਫ਼ ਪਬਲਿਕ ਸਰਵਿਸ ਉੱਤੇ ਪਰਫਾਰਮੈਂਸ ਪੇਅ ਵਿੱਚ 14% ਦਾ ਖ਼ਰਚ ਵਾਧਾ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਦੇ ਸਿਵਿਲੀਅਨ ਰਿਵਿਊ ਐਂਡ ਕੰਪਲੇਂਟਸ ਕਮਿਸ਼ਨ ਦੀ ਪਰਫਾਰਮੈਂਸ ਪੇਅ ਵਿੱਚ 28% ਦੀ ਕਟੌਤੀ ਕੀਤੀ ਗਈ ਹੈ। ਕੈਨੇਡੀਅਨ ਨੌਰਦਰਨ ਇਕਨਾਮਿਕ ਡਿਵੈਲਪਮੈਂਟ ਏਜੰਸੀ ਲਈ ਕਟੌਤੀ 27% ਦਰਜ ਹੋਈ ਹੈ। ਆਫੀਸ਼ੀਅਲ ਲੈਂਗੁਏਜਿਜ਼ ਕਮਿਸ਼ਨਰ ਦੇ ਦਫ਼ਤਰ ਵਿੱਚ ਪਰਫਾਰਮੈਂਸ ਪੇਅ ਵਿੱਚ 20% ਅਤੇ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਵਿੱਚ 17% ਦੀ ਕਟੌਤੀ ਕੀਤੀ ਗਈ ਹੈ।

ਪਰਫਾਰਮੈਂਸ ਪੇਅ ਕਿਸੇ ਮਹਿਕਮੇ ਵਿੱਚ ਤੈਨਾਤ ਅਧਿਕਾਰੀਆਂ ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ। ਜੇ ਇਹਨਾਂ ਦੀ ਗਿਣਤੀ ਘਟ ਜਾਵੇ ਤਾਂ ਪਰਫਾਰਮੈਂਸ ਪੇਅ ਘੱਟ ਹੋ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਪਰਫਾਰਮੈਂਸ ਘਟ ਗਈ ਸੀ।

ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵਿੱਚ ਸਭ ਤੋਂ ਜ਼ਿਆਦਾ ਔਸਤਨ ਐਟ-ਰਿਸਕ ਪੇਅ ਦਿੱਤੀ ਗਈ ਹੈ; ਸਾਲਾਨਾ 18008 ਡਾਲਰ। ਵਿੱਤ ਮਹਿਕਮੇ ਦੇ ਅਧਿਕਾਰੀ ਦੂਸਰੇ ਨੰਬਰ ‘ਤੇ ਹਨ ਉਹਨਾਂ ਨੂੰ ਔਸਤਨ 16530 ਡਾਲਰ ਦਿੱਤੇ ਗਏ ਹਨ। ਸਭ ਤੋਂ ਘੱਟ ਔਸਤਨ ਐਟ-ਰਿਸਕ ਪੇਅ ਕੈਨੇਡੀਅਨ ਨੌਰਦਰਨ ਇਕਨਾਮਿਕ ਡਿਵੈਲਪਮੈਂਟ ਏਜੰਸੀ ਦੇ ਅਧਿਕਾਰੀਆਂ ਦੀ ਰਹੀ ਹੈ। ਉਹਨਾਂ ਨੂੰ 9565 ਡਾਲਰ ਮਿਲੇ ਹਨ। ਪਬਲਿਕ ਪ੍ਰੋਸੀਕਿਊਸ਼ਨ ਵਾਲਿਆਂ ਨੂੰ ਔਸਤਨ 10937 ਡਾਲਰ ਅਤੇ ਪੈਰੋਲ ਬੋਰਡ ਵਾਲਿਆਂ ਨੂੰ 11088 ਡਾਲਰ ਦਿੱਤੇ ਗਏ ਹਨ।

ਸਭ ਤੋਂ ਵੱਧ ਬੋਨਸ ਮਿਲਿਆ ਹੈ ਵੈਸਟਰਨ ਇਕਨਾਮਿਕ ਡਾਇਵਰਸੀਫਿਕੇਸ਼ਨ ਦੇ ਅਧਿਕਾਰੀਆਂ ਨੂੰ – 10836 ਡਾਲਰ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਮਹਿਕਮੇ ਅਤੇ ਪਬਲਿਕ ਸਰਵਿਸ ਕਮਿਸ਼ਨ ਦੇ ਆਲਾ ਅਧਿਕਾਰੀਆਂ ਨੂੰ ਵੀ ਇੰਨਾ ਹੀ ਬੋਨਸ (10836 ਡਾਲਰ) ਦਿੱਤਾ ਗਿਆ ਹੈ। ਪ੍ਰਿਵੀ ਕੌਂਸਲ ਅਤੇ ਵਿੱਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਕ੍ਰਮਵਾਰ 7809 ਡਾਲਰ ਅਤੇ 6749 ਡਾਲਰ ਔਸਤਨ ਬੋਨਸ ਦਿੱਤਾ ਗਿਆ ਹੈ।

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਰਕਾਰ ਇੱਕ ਪਾਸੇ ਜਦੋਂ ਮੰਦੀ ਦੀ ਮਾਰ ਸਹਿ ਰਹੀ ਹੈ, ਲੋਕ ਨੌਕਰੀਆਂ ਨੂੰ ਤਰਸ ਰਹੇ ਹਨ, ਸਰਕਾਰ ਆਪਣੇ ਉਹਨਾਂ ਅਧਿਕਾਰੀਆਂ ਨੂੰ ਜਿਹਨਾਂ ਦੀ ਪਹਿਲਾਂ ਹੀ ਤਨਖਾਹ ਚੋਖੀ ਹੁੰਦੀ ਹੈ, ਬੋਨਸ, ਭੱਤੇ ਅਤੇ ਪਰਫਾਰਮੈਂਸ ਪੇਅ ਆਦਿ ਦੇ ਗੱਫੇ ਡੰਡ ਰਹੀ ਹੈ। ਸਰਕਾਰੀ ਖੇਤਰ ਦੇ ਵੱਡੀ ਗਿਣਤੀ ਕਰਮਚਾਰੀਆਂ ਨੂੰ ਜੋ ਕੁੱਝ ਮਿਲਦਾ ਹੈ, ਇਹਨਾਂ ਚੋਣਵੇਂ ਅਧਿਕਾਰੀਆਂ ਨੇ ਉਹਨਾਂ ਤੋਂ ਦੁੱਗਣਾ ਮਾਲ ਹਾਸਲ ਕਰ ਲਿਆ ਹੈ। ਸਰਕਾਰੀ ਖ਼ਜ਼ਾਨੇ ਉੱਤੇ ਇਸ ਦੇ ਬੋਝ ਦਾ ਸਿੱਧਾ ਮਤਲਬ ਆਮ ਜਨਤਾ ਤੋਂ ਉਗ਼ਾਹੇ ਟੈਕਸਾਂ ਦੀ ਅੰਨ੍ਹੀ ਵੰਡ ਹੀ ਹੈ।

 

-ਰਿਸ਼ੀ ਨਾਗਰ

(ਇਹ ਲੇਖ ਸੀ.ਬੀ.ਸੀ. ਵਿੱਚ ਪ੍ਰਕਾਸ਼ਿਤ ਲੇਖ ‘ਤੇ ਅਧਾਰਿਤ ਹੈ। ਮੂਲ ਲੇਖ ਪੜ੍ਹਣ ਲਈ ਕਲਿਕ ਕਰੋ:  http://www.cbc.ca/news/politics/pay-bonuses-public-service-canada-1.4491978

0 Likes

Comments: 0

There are not comments on this post yet. Be the first one!

Leave a comment