ਟਰਾਂਸ ਮਾਊਨਟੇਨ ਦੀ ਮਨਜ਼ੂਰੀ: ਲਿਬਰਲ ਸਰਕਾਰ ਲਈ ਝੰਜਟ 

Posted by Rishi In: Punjabi 1 Comment

ਟਰਾਂਸ ਮਾਊਨਟੇਨ ਪਾਈਪ ਲਾਈਨ ਨੂੰ ਸਾਢੇ ਚਾਰ ਬਿਲੀਅਨ ਵਿੱਚ ਡਾਲਰ ਵਿੱਚ ਖਰੀਦ ਕੇ ਫੈਡਰਲ ਲਿਬਰਲ ਸਰਕਾਰ ਨੇ ਮੁਸੀਬਤ ਮੁੱਲ ਲੈ ਲਈ ਹੈ। ਮਾਹਿਰਾਂ ਅਤੇ ਪੋਲਸਟਰਾਂ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨੂੰ ਕਿਉਬੈੱਕ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਰਾਜਨੀਤਕ ਨੁਕਸਾਨ ਹੋਣ ਦਾ ਖ਼ਦਸ਼ਾ ਬਣ ਗਿਆ ਹੈ ਅਤੇ ਐਲਬਰਟਾ ਵਿੱਚ ਕੋਈ ਖਾਸ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। 

ਨੈਚੂਰਲ ਰਿਜ਼ੋਰਸਿਜ਼ ਜਾਂ ਕੁਦਰਤੀ ਸਰੋਤਾਂ ਦੇ ਫੈਡਰਲ ਮਨਿਸਟਰ ਜਿਮ ਕਾਰ ਅਤੇ ਵਿੱਤ ਮੰਤਰੀ ਬਿਲ ਮੌਰਨਉ ਵੱਲੋਂ 29 ਮਈ ਨੂੰ ਇਸ ਵਿਵਾਦਿਤ ਸੌਦੇ ਦਾ ਐਲਾਨ ਕੀਤੇ ਜਾਣ ਨਾਲ ਹੀ ਇਸ ਪਾਈਪਲਾਈਨ ਦਾ ਵਿਰੋਧ ਕਰਨ ਵਾਲੇ ਮੂਲ ਨਿਵਾਸੀ ਭਾਈਚਾਰਿਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਕਈ ਸਮੂਹਾਂ ਦੀ ਨਾਰਾਜ਼ਗੀ ਮੁੱਲ ਲੈ ਲਈ ਗਈ ਹੈ। ਵੈਨਕੂਵਰ ਅਤੇ ਬਰਨੇਬੀ ਦੇ ਨਿਵਾਸੀਆਂ ਦੇ ਗੁੱਸੇ ਦਾ ਵੀ ਸਾਹਮਣਾ ਸਰਕਾਰ ਨੂੰ ਕਰਨਾ ਪਵੇਗਾ। ਵਿਰੋਧ ਕਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਹੜੇ ਨਿਜੀ ਪ੍ਰੋਜੈਕਟਾਂ ਵਿੱਚ ਸਰਕਾਰੀ ਧਨ ਦੇ ਪ੍ਰਯੋਗ ਦਾ ਵਿਰੋਧ ਕਰਦੇ ਰਹੇ ਨੇ। ਪਾਈਪਲਾਈਨ ਦੇ ਵਿਰੋਧੀਆਂ ਅਤੇ ਸਰਕਾਰੀ ਅਧਿਕਾਰੀਆਂ ਵਿੱਚ ਹੋਣ ਵਾਲੇ ਸੰਭਾਵਿਤ ਟਕਰਾਅ ਦੇ ਨਤੀਜੇ ਭੁਗਤਣ ਲਈ ਵੀ ਸਰਕਾਰ ਨੂੰ ਤਿਆਰ ਰਹਿਣਾ ਪਵੇਗਾ।

ਇਨੋਵੇਟਿਵ ਰੀਸਰਚ ਪੋਲਿੰਗ ਫਰਮ ਨਾਲ ਕੰਮ ਕਰਨ ਵਾਲੇ ਗ੍ਰੈਗ ਲਾਈਲ ਵਰਗੇ ਪੋਲਸਟਰਜ਼ ਦਾ ਕਹਿਣਾ ਹੈ ਕਿ ਜਦੋਂ ਜਦੋਂ ਵੀ ਅਜਿਹਾ ਟਕਰਾਅ ਹੁੰਦਾ ਹੈ, ਉਸ ਵੇਲੇ ਸਰਕਾਰੀ ਪੱਧਰ ‘ਤੇ ਗ਼ਲਤੀ ਹੋਣ ਦੀ ਗੁੰਜ਼ਾਇਸ਼ ਬਣੀ ਰਹਿੰਦੀ ਹੈ। ਦਰਅਸਲ ਸਰਕਾਰ ਨੇ ਹਰ ਕਿਸੇ ਦੀ ਗ਼ਲਤੀ ਆਪਣੇ ਸਿਰ ਲੈ ਲਈ ਹੈ।

ਸਰਕਾਰ ਨੇ ਮੌਜੂਦਾ ਇਨਫ੍ਰਾਸਟ੍ਰਕਚਰ ਸਾਢੇ 4 ਮਿਲੀਅਨ ਡਾਲਰ ਵਿੱਚ ਖਰੀਦਿਆ ਹੈ, ਇਸ ਪਾਈਪਲਾਈਨ ਦੇ ਨਿਰਮਾਣ ਦਾ ਖ਼ਰਚਾ ਵੱਖਰਾ ਹੈ ਜਿਹੜਾ 11-12 ਬਿਲੀਅਨ ਡਾਲਰ ਤੀਕ ਜਾ ਸਕਦਾ ਹੈ। ਸਰਕਾਰ ਇਸ ਪ੍ਰੋਜੈਕਟ ਦੀ ਮਾਲਕ ਲੰਬਾ ਸਮਾਂ ਤੱਕ ਨਹੀਂ ਬਣੇ ਰਹਿਣਾ ਚਾਹੁੰਦੀ, ਇਸ ਲਈ ਇਸ ਨੂੰ ਕਿਸੇ ਹੋਰ ਕੰਪਨੀ ਨੂੰ ਅੱਗੋਂ ਵੇਚਣ ਦੀ ਤਿਆਰੀ ਵੀ ਹੁਣੇ ਤੋਂ ਕੀਤੀ ਜਾਣੀ ਸ਼ੁਰੂ ਹੋ ਗਈ ਹੈ। 

ਨੈਨੋਜ਼ ਰਿਸਰਚ ਦੇ ਮੁਖੀ ਨਿਕ ਨੈਨੋਜ਼ ਅਤੇ ਐਂਗੁਸ ਰੀਡ ਇੰਸਟੀਟਿਊਟ ਦੀ ਐਗ਼ਜ਼ੀਕਿਊਟਿਵ ਡਾਇਰੈਕਟਰ ਸ਼ਾਚੀ ਕਰਲ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦੇ ਇਸ ਕਦਮ ਨਾਲ ਦੇਸ਼ ਭਰ ਵਿੱਚ ਵੋਟਰਜ਼ ਆਪਸ ਵਿੱਚ ਵੰਡੇ ਗਏ ਹਨ। ਪਾਈਪਲਾਈਨ ਨੇ ਦੇਸ਼ ਵਾਸੀਆਂ ਨੂੰ ਵੰਡ ਦਿੱਤਾ ਹੈ। 

ਅਪਰੈਲ ਮਹੀਨੇ ਵਿੱਚ ਐਂਗੁਸ ਰੀਡ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਐਲਬਰਟਾ ਦੀ ਐਨਡੀਪੀ ਸਰਕਾਰ ਅਤੇ ਫੈਡਰਲ ਲਿਬਰਲ ਸਰਕਾਰ ਦੇ ਇਸ ਸਾਂਝੇ ਉੱਦਮ ਨੂੰ 56% ਲੋਕਾਂ ਨੇ ‘ਬੈਡ ਆਈਡੀਆ’ ਦੱਸਿਆ ਹੈ ਅਤੇ ਨਾਲ ਹੀ ਇਸ ਨੂੰ ਟੈਕਸ ਪੇਅਰਜ਼ ਦੀ ਰਕਮ ਦਾ ‘ਪੂਅਰ ਯੂਜ਼’ ਦੱਸਿਆ ਹੈ। 44% ਲੋਕ ਸਰਕਾਰ ਦੇ ਫੈਸਲੇ ਨਾਲ ਸਹਿਮਤ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ 70%, ਮੈਨੀਟੋਬਾ ਵਿੱਚ 70%, ਓਂਟੈਰੀਓ ਵਿੱਚ 53%, ਕਿਉਬੈਕ ਵਿੱਚ 56% ਲੋਕ ਇਸ ਨੂੰ ‘ਬੈਡ ਆਈਡੀਆ’ ਮੰਨ ਰਹੇ ਹਨ। ਐਲਬਰਟਾ ਵਿੱਚ 52% ਲੋਕ ਇਸ ਪਾਈਪਲਾਈਨ ਦਾ ਸਮਰਥਨ ਕਰਦੇ ਦੱਸੇ ਗਏ ਹਨ। ਸੈਸਕੈਚੇਵਾਨ ਵਿੱਚ 51% ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। 2125 ਵਿਅਕਤੀਆਂ ਨਾਲ ਔਨ-ਲਾਈਨ ਕੀਤੇ ਗਏ ਸਰਵੇ ਤੋਂ ਇਹ ਨਤੀਜੇ ਕੱਢੇ ਗਏ ਹਨ। 

ਸ਼ਾਚੀ ਕਰਲ ਦਾ ਮੰਨਣਾ ਹੈ ਕਿ ਫੈਡਰਲ ਲਿਬਰਲਜ਼ ਨੂੰ ਵੈਨਕੂਵਰ ਅਤੇ ਬਰਨੇਬੀ ਵਿੱਚ ਸੀਟਾਂ ਦਾ ਨੁਕਸਾਨ ਹੋ ਸਕਦਾ ਹੈ। ਲਿਬਰਲ ਪਾਰਟੀ ਕੋਲ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਕੁੱਲ 18 ਸੀਟਾਂ ਹਨ। ਪਾਰਟੀ ਕੋਲ ਕਿਉਬੈੱਕ ਵਿੱਚ 40 ਸੀਟਾਂ ਹਨ। ਇਹਨਾਂ ਦੋਵਾਂ ਸੂਬਿਆਂ ਵਿੱਚ ਪਾਰਟੀ ਨੂੰ ਨੁਕਸਾਨ ਹੋ ਸਕਣ ਦਾ ਖ਼ਦਸ਼ਾ ਹੈ। 

ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਪਾਈਪਲਾਈਨ ਨੂੰ ਮਨਜ਼ੂਰੀ ਦੇਣ ਅਤੇ ਇਸ ਪਾਈਪਲਾਈਨ ਦੇ ਨਿਰਮਾਣ ਵਿੱਚ ਇਨਵੈਸਟ ਕਰਨਾ ਦੋ ਵੱਖ ਵੱਖ ਗੱਲਾਂ ਹਨ। ਪਹਿਲੀ ਗੱਲ ਨਾਲ ਵੋਟਰਜ਼ ਉੱਤੇ ਬਹੁਤਾ ਅਸਰ ਨਹੀਂ ਸੀ ਪਰ ਦੂਸਰੀ ਗੱਲ ਨੇ ਉਹਨਾਂ ਨੂੰ ਨਾਰਾਜ਼ ਕਰ ਦਿੱਤਾ ਹੈ। 

ਇਸ ਪਾਈਪਲਾਈਨ ਤੋਂ ਹੋਣ ਵਾਲੇ ਫਾਇਦੇ ਦੀ ਗੱਲ ਸਰਕਾਰ ਵੱਲੋਂ ਜ਼ੋਰਦਾਰ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ ਅਤੇ ਇਸਦਾ ਵੀ ਨਕਾਰਾਤਮਕ ਅਸਰ ਲੋਖਾਂ ਉੱਪਰ ਪੈ ਰਿਹਾ ਹੈ। ਜੇ ਸਰਕਾਰ ਦੱਸੇ ਕਿ ਇਸ ਪਾਈਪਲਾਈਨ ਤੋਂ ਲਾਭ ਕਿੰਨਾ ਅਤੇ ਕੀ ਹੋਵੇਗਾ ਤਾਂ ਵੀ ਲੋਕ ਇਸ ਦੇ ਹੱਕ ਵਿੱਚ ਆਪਣੀ ਰਾਇ ਬਣਾ ਸਕਦੇ ਹਨ।

ਵੈਨਕੂਵਰ ਵਿੱਚ ਲਿਬਰਲ ਐਮਪੀ ਹੈਡੀ ਫ੍ਰਾਈ ਅਤੇ ਜੋਇਸ ਮਰੇ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਹਨ।  

ਫਿਲਹਾਲ ਫੈਡਰਲ ਚੋਣਾਂ ਦੂਰ ਹਨ ਪਰ ਇਸ ਲਾਈਪਲਾਈਨ ਦੇ ਨਿਰਮਾਣ ਦਾ ਫੈਸਲਾ ਕੀ ਸਰਕਾਰ ਦੇ ਹੱਕ ਵਿੱਚ ਹਵਾ ਬਣਾ ਸਕੇਗਾ, ਇਹ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ। 

-ਰਿਸ਼ੀ ਨਾਗਰ

ਜੂਨ 4, 2018

2 Likes

1 Comment

  • cinayet süsü izle
    2 months ago
    Reply

    Hi there, its fastidious paragraph on the topic of media print, we all understand media is a fantastic source of data. Angelia Archie Finnegan

Leave a comment