ਕੈਨੇਡਾ ਵਿੱਚ ਵਿਆਜ ਦਰਾਂ ਵਧਣ ਦੀ ਸੰਭਾਵਨਾ; ਕਰਜ਼ਦਾਰਾਂ ਲਈ ਸਾਵਧਾਨ ਰਹਿਣ ਦਾ ਸਮਾਂ ਬੈਂਕ ਆਫ਼ ਕੈਨੇਡਾ ਦੇ ਗਵਰਨਰ ਸਟੀਵਨ ਪੋਲੋਜ਼ ਨੇ 13 ਜੂਨ ਨੂੰ ਸੰਕੇਤ ਦਿੱਤੇ ਹਨ ਕਿ ਦੇਸ਼ ਭਰ ਵਿੱਚ ਵਿਆਜ ਦਰਾਂ ਵਿੱਚ ਪਹਿਲਾਂ ਸੋਚੇ ਜਾ ਰਹੇ ਸਮੇਂ ਤੋਂ ਅਗਾਊਂ ਹੀ ਵਾਧਾ ਕੀਤਾ ਜਾ ਸਕਦਾ ਹੈ। ਸਾਲ 2015 ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਗਈ ਸੀ ਕਿਉਂਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਭਾਰੀ ਗਿਰਾਵਟ ਆ ਗਈ ਸੀ ਅਤੇ ਦੇਸ਼ ਦੇ ਅਰਥ-ਪ੍ਰਬੰਧ ਨੂੰ ਨੁਕਸਾਨ ਪਹੁੰਚਣ ਲੱਗ ਪਿਆ ਸੀ। ਵਿਆਜ ਦੀਆਂ ਘੱਟ ਦਰਾਂ ਕਾਰਨ (ਇਕਾਨੌਮੀ) ਅਰਥ-ਵਿਵਸਥਾ ਵਿੱਚ ਲਗਾਤਾਰਤਾ ਬਣੀ ਰਹੀ ਹੈ ਜਿਸ ਕਾਰਨ ਹੁਣ ਇਸ ਨੇ ਤਰੱਕੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਲੰਘੀ 9 ਜੂਨ ਤੱਕ 25% ਤੋਂ ਵੀ ਘੱਟ ਚਾਂਸ ਸਨ ਕਿ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਪਰ 13 ਜੂਨ ਤੱਕ ਸੰਕੇਤ ਦੇ ਦਿੱਤੇ ਗਏ ਕਿ 75% ਚਾਂਸ ਹਨ ਕਿ ਵਿਆਜ ਦਰ ਵਧ ਸਕਦੀ ਹੈ। ਅਜਿਹਾ ਨੌਕਰੀਆਂ ਸੰਬੰਧੀ ਆਏ ਅੰਕੜਿਆਂ ਦੇ ਆਧਾਰ ‘ਤੇ ਕਿਹਾ ਗਿਆ ਹੈ। ਦੂਜੇ ਪਾਸੇ, 13 ਜੂਨ ਵਾਲੇ ਦਿਨ ਕੈਨੇਡੀਅਨ ਡਾਲਰ ਦੀ ਕੀਮਤ ਅਮਰੀਕਨ ਡਾਲਰ ਦੇ ਮੁਕਾਬਲੇ ਮਜ਼ਬੂਤ ਹੋ ਗਈ। ਇਸ ਵਿੱਚ 0.7% ਦਾ ਵਾਧਾ ਹੋ ਗਿਆ ਅਤੇ ਇਹ ਅਮਰੀਕਨ ਡਾਲਰ ਦੇ ਮੁਕਾਬਲੇ 75.55 ਸੈਂਟ ‘ਤੇ ਜਾ ਪਹੁੰਚਿਆ।
ਕੈਪੀਟਲ ਪ੍ਰੋਜੈਕਟਾਂ ਵਾਸਤੇ ਉਧਾਰ ਲਈ ਗਈ ਬੈਂਕਾਂ ਦੀ ਰਕਮ ਬਾਰੇ ਕਿਆਸ ਅਰਾਈਆਂ ਲਗਾਉਣ ਵਾਲਿਆਂ ਉੱਤੇ ਕਰੰਸੀ ਦੀ ਮਜ਼ਬੂਤੀ ਅਜਿਹਾ ਦਬਾਅ ਬਣਾਉਂਦੀ ਹੈ ਕਿ ਉਹਨਾਂ ਨੂੰ ਕਰੰਸੀ ਦੀ ਚਾਲ ਤੇਜ਼ ਕਰਨੀ ਪੈਂਦੀ ਹੈ ਅਤੇ ਪਹਿਲਾਂ ਚੁੱਕੇ ਗਏ ਕਦਮਾਂ ਵਿੱਚ ਤਬਦੀਲੀ ਕਰਨੀ ਪੈਂਦੀ ਹੈ।
6 ਜੂਨ ਤੋਂ ਕੈਨੇਡੀਅਨ ਡਾਲਰ ਲਗਾਤਾਰ ਮਜ਼ਬੂਤ ਹੋਣ ਦੇ ਸੰਕੇਤ ਦੇ ਰਿਹਾ ਹੈ। ਉੱਧਰ, ਕੈਨੇਡੀਅਨ ਬਰਾਮਦਕਾਰਾਂ (ਇੰਪੋਰਟਰਜ਼) ਨੇ ਇਸ ਦਾ ਚੋਖਾ ਫਾਇਦਾ ਲੈ ਵੀ ਲਿਆ ਹੈ। ਵੱਡੇ ਕਾਰਪੋਰੇਟ ਅਦਾਰਿਆਂ, ਅਨੁਭਵੀ ਜਾਂ ਤਜਰਬੇਕਾਰਾਂ ਅਤੇ ਮਜ਼ਬੂਤ ਪੈਰੀਂ ਹੋ ਚੁੱਕੇ ਖ਼ਰੀਦ-ਦਾਰਾਂ ਵੱਲੋਂ ਹੁਣ ਇਸ ਕਦਮ ਦੀ ਹੀ ਉਡੀਕ ਕੀਤੀ ਜਾ ਰਹੀ ਸੀ। ਵਪਾਰ ਸੰਤੁਲਨ ਵੀ ਕੈਨੇਡੀਅਨ ਡਾਲਰ ਦੀ ਘੱਟ ਕੀਮਤ ਕਾਰਨ ਬਿਹਤਰ ਸਥਿਤੀ ਵਿੱਚ ਪਹੁੰਚ ਗਿਆ ਹੈ।
ਇਕੱਲੇ ਕੈਨੇਡੀਅਨ ਡਾਲਰ ਦੀ ਕੀਮਤ ਹੀ ਮਜ਼ਬੂਤ ਨਹੀਂ ਹੋਈ ਹੈ, ਸਗੋਂ ਓਪੇਕ ਦੇਸ਼ਾਂ ਵੱਲੋਂ ਤੇਲ ਉਤਪਾਦਨ ਉੱਤੇ ਲਗਾਈ ਗਈ ਰੋਕ ਮਗਰੋਂ ਕੱਚੇ ਤੇਲ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ । 13 ਜੂਨ ਵਾਲੇ ਦਿਨ ਇਸ ਦੀ ਪ੍ਰਤੀ ਬੈਰਲ ਕੀਮਤ 46.46 ਅਮਰੀਕਨ ਡਾਲਰ ਦਰਜ ਹੋਈ ਹੈ।
ਕੈਨੇਡੀਅਨ ਸਰਕਾਰ ਦੀ ਬੌਂਡ ਕੀਮਤ ਜਿਹੜੀ ਕਿ ਪਹਿਲਾਂ ਕਾਫੀ ਹੇਠਾਂ ਟਿਕੀ ਹੋਈ ਸੀ, ਅਚਾਨਕ ਵਧ ਗਈ ਅਤੇ ਇਹ ਆਪਣੇ ਪਿਛਲੇ 2 ਸਾਲਾਂ ਦੇ ਸਭ ਤੋਂ ਉੱਪਰਲੇ ਪੱਧਰ ‘ਤੇ ਪਹੁੰਚ ਗਈ।
ਇਸ ਮਗਰੋਂ ਬੈਂਕ ਆਫ਼ ਕੈਨੇਡਾ ਦੇ ਮੁਖੀ ਸਟੀਵਨ ਪੋਲੋਜ਼ ਨੇ ਸੰਕੇਤ ਦੇ ਦਿੱਤੇ ਕਿ ਵਿਆਜ ਦਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਬੈਂਕ ਦੇ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਵਿਲਕਿੰਜ਼ ਨੇ ਵੀ ਕਿਹਾ ਹੈ ਕਿ ਦੇਸ਼ ਦੀ ਪਹਿਲੀ ਤਿਮਾਹੀ ਦੀ ਵਿਕਾਸ ਦਰ ਕਾਫੀ ਉਤਸਾਹ ਵਾਲੀ ਰਹੀ ਹੈ।
ਇਸ ਲਈ ਜੇ ਵਿਆਜ ਦਰਾਂ ਵਿੱਚ ਮਾਮੂਲੀ ਵਾਧਾ ਵੀ ਹੁੰਦਾ ਹੈ ਤਾਂ ਛੋਟੇ ਕਰਜ਼ਦਾਰਾਂ ਉਤੇ ਇਸ ਦਾ ਅਸਰ ਵਧੇਰੇ ਪੈ ਸਕਦਾ ਹੈ ਅਤੇ ਉਹਨਾਂ ਨੂੰ ਹੁਣ ਤੋਂ ਹੀ ਸਾਵਧਾਨੀ ਨਾਲ ਚੱਲਣਾ ਪਵੇਗਾ ਅਤੇ ਆਪਣੇ ਖ਼ਰਚਿਆਂ ਉੱਤੇ ਲਗਾਮ ਵੀ ਲਗਾਉਣੀ ਪੈ ਸਕਦੀ ਹੈ।
-ਰਿਸ਼ੀ ਨਾਗਰ
September 8, 2017
ਕੈਨੇਡਾ ਵਿੱਚ ਵਿਆਜ ਦਰਾਂ ਵਧਣ ਦੀ ਸੰਭਾਵਨਾ; ਕਰਜ਼ਦਾਰਾਂ ਲਈ ਸਾਵਧਾਨ ਰਹਿਣ ਦਾ ਸਮਾਂ

Comments: 0
There are not comments on this post yet. Be the first one!