ਭੰਗ ਦੇ ਨੌਜਵਾਨਾਂ ਦੇ ਦਿਮਾਗ਼ ਉੱਪਰ ਪੈਣ ਵਾਲੇ ਅਸਰਾਂ ਤੋਂ ਅਵੇਸਲੇ ਨਾ ਹੋਵੋ

Posted by Rishi In: Punjabi 2 Comments

ਪਿਛਲੇ ਵਰ੍ਹੇ ਅਮਰੀਕਾ ਦੀਆਂ ਨੈਸ਼ਨਲ ਅਕੈਡੇਮੀਜ਼ ਔਫ਼ ਸਾਇੰਸ, ਇੰਜਨੀਅਰਿੰਗ ਐਂਡ ਮੈਡਿਸਿਨ ਦੇ ਮਾਹਿਰਾਂ ਦੀ ਇਕ ਟੀਮ ਨੇ ਭੰਗ ਦੇ ਬਾਰੇ ਵਿੱਚ ਕੀਤੇ ਗਏ ਅਧਿਐਨਾਂ ਦੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਸਮੇਟੀ ਦੇ ਮਾਹਿਰਾਂ ਨੇ 10 ਹਜ਼ਾਰ ਖੋਜ ਪੇਪਰਾਂ ‘ਤੇ ਝਾਤੀ ਮਾਰੀ ਸੀ ਜਿਹਨਾਂ ਵਿੱਚੋਂ ਕੁੱਝ ਉੱਚ ਪਾਏ ਦੇ ਪੇਪਰ ਚੁਣੇ ਗਏ ਅਤੇ ਫਿਰ ਸਾਇੰਸ ਦੀ ਤਾਕਤ ਦਾ ਅੰਦਾਜ਼ਾ ਲਗਾਇਆ ਗਿਆ। ਭੰਗ ਦੇ ਬਾਰੇ ਵਿੱਚ ਕੀਤੀ ਗਈ ਖੋਜ ਵਿੱਚ ਸਾਰੇ ਨਤੀਜੇ ਆਖ਼ਰੀ ਨਹੀਂ ਹਨ, ਇਹਨਾਂ ਵਿੱਚ ਬਹੁਤ ਕੁੱਝ ਲੱਭਿਆ ਜਾਣਾ ਬਾਕੀ ਹੈ। ਇਕ ਸਧਾਰਨ ਸਵਾਲ ਹੈ – ਕੀ ਭੰਗ ਵਾਲੀ ਸਿਗਰਟ ਪੀਣ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ? ਕੀ ਇਸ ਦੀ ਓਵਰਡੋਜ਼ ਨਾਲ ਮੌਤ ਹੋ ਸਕਦੀ ਹੈ? ਕੀ ਇਸ ਦੀ ਲਗਾਤਾਰ ਵਰਤੋਂ ਨਾਲ ਵਿਅਕਤੀ ਸਮੇਂ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ? ਇਹਨਾਂ ਸਵਾਲਾਂ ਦਾ ਜਵਾਬ ਇਸ ਕਰਕੇ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹਨਾਂ ਬਾਰੇ ਅਜੇ ਤੱਕ ਕੋਈ ਖੋਜ ਹੀ ਨਹੀਂ ਹੋਈ ਹੈ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜੇ ਭੰਗ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾਂਦੀ ਹੈ ਤਾਂ ਕੀ ਇਸ ਦਾ ਅਸਰ ਦਿਮਾਗ਼ ਉੱਪਰ ਪੈਂਦਾ ਹੈ? – ਪਰ ਇਸ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਵੀ ਕਈ ਖੱਪਿਆਂ ਨੂੰ ਭਰਨਾ ਜ਼ਰੂਰੀ ਹੈ।

ਲੰਘੇ ਜੂਨ ਮਹੀਨੇ ਵਿੱਚ ਜਨਰਲ ਔਫ਼ ਦ ਅਮੈਰਿਕਨ ਮੈਡੀਕਲ ਅਸੋਸੀਏਸ਼ਨ – ਜਾਮਾ ਵਿੱਚ ਛਪੀ ਇਕ ਰਿਪੋਰਟ ਨਾ ਕੇਵਲ ਦਿਲਚਸਪ ਹੈ ਸਗੋਂ ਉਲਝਣ ਵੀ ਪੈਦਾ ਕਰਦੀ ਹੈ, ਭਾਵ ਹੈਰਾਨ-ਪਰੇਸ਼ਾਨ ਕਰਨ ਵਾਲੀ ਹੈ। ਭੰਗ ਦਾ ਨਸ਼ਾ ਲੈਣ ਵਾਲੇ ਕੁਝ ਟੀਨੇਜਰਾਂ ਨੂੰ 72 ਘੰਟੇ ਲਈ ਨਸ਼ਾ ਨਹੀਂ ਦਿੱਤਾ ਗਿਆ ਅਤੇ ਉਹਨਾਂ ਦੇ ਦਿਮਾਗ਼ ਦੀ ਜਾਂਚ ਕੀਤੀ ਗਈ। ਦੂਜੇ ਪਾਸੇ ਕੁਝ ਅਜਿਹੇ ਟੀਨੇਜਰ ਸਨ ਜਿਹਨਾਂ ਨੇ ਕਦੀ ਨਸ਼ਾ ਨਹੀਂ ਲਿਆ ਸੀ। ਦੋਵਾਂ ਗਰੁਪਾਂ ਦੇ ਦਿਮਾਗ਼ਾਂ ਦੀ ਜਾਂਚ ਵਿੱਚ ਕੋਈ ਬਹੁਤ ਜ਼ਿਆਦਾ ਫ਼ਰਕ ਨਜ਼ਰ ਨਹੀਂ ਆਇਆ।

ਬਾਕੀ ਦੇ ਜਿਹੜੇ ਅਧਿਐਨ ਕੀਤੇ ਗਏ ਨੇ, ਉਹਨਾਂ ਵਿੱਚ ਕਿਹਾ ਗਿਆ ਹੈ ਕਿ ਭੰਗ ਦੀ ਲਤ/ਆਦਤ ਨਾ ਲੱਗਣ ਦੇ ਸੰਕੇਤ ਟੈਂਪਰੇਰੀ ਹਨ; ਭਾਵ ਇਸ ਦੀ ਲਤ ਲੱਗ ਸਕਦੀ ਹੈ। 10 ਸਾਲ ਤੋਂ 19 ਸਾਲ ਦੀ ਉਮਰ ਦੇ ਦਰਮਿਆਨ ਨੌਜਵਾਨਾਂ ਦਾ ਦਿਮਾਗ਼ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹਨਾਂ ਦੇ ਦਿਮਾਗ਼ ਨੂੰ ਬਰਬਾਦ ਕਰ ਸਕਦਾ ਹੈ। ਭੰਗ ਦਾ ਜ਼ਿਆਦਾ ਨਸ਼ਾ ਦਿਮਾਗ਼ ਦੇ ਜਿਸ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ, ਇਹਨਾਂ ਨੌਜਵਾਨਾਂ ਦੇ ਦਿਮਾਗ਼ ਦਾ ਉਹੀ ਹਿੱਸਾ ਵਿਕਾਸ ਕਰ ਰਿਹਾ ਹੁੰਦਾ ਹੈ। ਦਿਮਾਗ਼ ਦੀਆਂ ਕੀਤੀਆਂ ਗਈਆਂ ਸਕੈਨ ਰਿਪੋਰਟਾਂ ਇਹ ਦਰਸਾਉਂਦੀਆਂ ਹਨ ਕਿ ਭੰਗ ਦਾ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਦਿਮਾਗ਼ਾ ਵਿੱਚ ਢਾਂਚਾਗਤ (ਸਟ੍ਰਕਚਰਲ) ਤਬਦੀਆਂ ਵੇਖੀਆਂ ਜਾਂਦੀਆਂ ਹਨ। ਸਮੱਸਿਆ ਇਹ ਵੀ ਹੈ ਕਿ ਨਸ਼ਾ ਨਾ ਕਰਨ ਵਾਲੇ ਨੌਜਵਾਨਾਂ ਦੇ ਦਿਮਾਗ਼ਾਂ ਦੀ ਸਕੈਨ ਕਦੀ ਨਹੀਂ ਕੀਤੀ ਜਾਂਦੀ ; ਇਸ ਲਈ ਇਹ ਕਹਿਣਾ ਕਿ ਸਿਰਫ਼ ਨਸ਼ੇ ਕਰਕੇ ਹੀ ਦਿਮਾਗ਼ ਵਿੱਚ ਢਾਂਚਾਗਤ ਤਬਦੀਲੀ ਆਈ ਹੈ, ਠੀਕ ਨਹੀਂ ਹੋਵੇਗਾ। ਮੈਕਮਾਸਟਰ ਯੂਨੀਵਰਸਿਟੀ ਦੇ ਸੈਂਟਰ ਫੌਰ ਮੈਡੀਸਿਨਲ ਕੈਨਾਬਿਸ ਰੀਸਰਚ ਦੇ ਕੋ-ਡਾਇਰੈਕਟਰ ਡਾ. ਜੇਮਜ਼ ਮੈਕ-ਕਿਲਪ ਦਾ ਕਹਿਣਾ ਹੈ ਕਿ ਦਿਮਾਗ਼ ਦੀ ਜਾਂਚ ਵਿੱਚ ਭੰਗ ਦੇਖੇ ਜਾਣ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਖ਼ਰਾਬੀ ਵੀ ਇਸੇ ਕਰਕੇ ਹੋਈ ਹੈ। ਇਹ ਠੀਕ ਉਸੇ ਤਰ੍ਹਾਂ ਹੈ ਕਿ ਜਿਵੇਂ ਕਿਸੇ ਕਤਲ ਵਾਲੀ ਥਾਂ ਤੇ ਖੜ੍ਹਾ ਵਿਅਕਤੀ ਕਾਤਲ ਨਹੀਂ ਮੰਨਿਆ ਜਾ ਸਕਦਾ।

ਇਕ ਗੱਲ ਜਿਹੜੀ ਨਿਸ਼ਚਿਤ ਹੈ, ਉਹ ਹੈ ਕਿ ਜੇ ਕੋਈ ਵਿਅਕਤੀ ਇਸ ਦਾ ਸੇਵਨ ਕਰਨ ਲੱਗਦਾ ਹੈ ਤਾਂ ਉਸ ਨੂੰ ਇਸ ਦੀ ਆਦਤ ਲੱਗਦੀ ਹੀ ਲੱਗਦੀ ਹੈ। ਜਦੋਂ ਨਸ਼ੇ ਦੀ ਮਾਤਰਾ ਵਧਦੀ ਹੈ ਤਾਂ ਇਹ ਦਿਮਾਗ਼ ਨੂੰ ਪ੍ਰਭਾਵਿਤ ਵੀ ਕਰਦੀ ਹੈ। ਭੰਗ ਵਿਚਲਾ ਟੀ.ਐਚ.ਸੀ. ਰਸਾਇਣ ਦਿਮਾਗ਼ ਵਿੱਚਲੇ ਉਸ ਰਸਾਇਣ ਦੀ ਥਾਂ ਲੈ ਲੈਂਦਾ ਹੈ ਜਿਹੜਾ ਦਿਮਾਗ਼ ਵਿੱਚ ਕਿਸੇ ਖੁਸ਼ੀ ਦੀ ਸੂਚਨਾ ਨਾਲ ਪੈਦਾ ਹੁੰਦਾ ਹੈ। ਭਾਵ, ਭੰਗ ਦਾ ਨਸ਼ਾ, ਦਿਮਾਗ਼ ਨੂੰ (ਨਕਲੀ) ਖੁਸ਼ੀ ਦਾ ਰਸਾਇਣ ਆਪਣੇ ਕੋਲੋਂ ਦੇ ਦਿੰਦਾ ਹੈ। ਇੰਝ ਦਿਮਾਗ਼ ਦੀ ਕਾਰਗ਼ੁਜ਼ਾਰੀ ਪ੍ਰਭਾਵਿਤ ਹੋਣ ਲੱਗਦੀ ਹੈ।

ਯੁਨੀਵਰਸਿਟੀ ਔਫ਼ ਮੌਂਟ੍ਰੀਅਲ ਦੇ ਸਾਈਕੌਲੋਜਿਸਟ ਡਾ. ਯੌਂ ਸੀਬੈਸਟੀਅਨ ਫਾਲੂ ਦਾ ਕਹਿਣਾ ਹੈ ਕਿ ਭੰਗ ਦੀ ਆਦਤ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹਨ। ਬਾਲਗ਼ਾਂ ਵਿੱਚ ਇਹ ਦਰ 9% ਅਤੇ ਟੀਨੇਜਰਾਂ ਵਿੱਚ ਇਹ ਦਰ 16% ਹੋ ਸਕਦੀ ਹੈ। ਸਭ ਤੋਂ ਵੱਡਾ ਖ਼ਤਰਾ ਟੀਨੇਜਰਾਂ ਵਿੱਚ ਭੰਗ ਕਾਰਨ ਸਕਿਜ਼ੋਫ੍ਰੇਨੀਆ ਹੋਣ ਦਾ ਹੈ। ਇਹ ਦਿਮਾਗ਼ੀ ਬਿਮਾਰੀ ਬਹੁਤ ਭਿਆਨਕ ਹੈ। ਵਿਅਕਤੀ ਦੇਖਣ ਨੂੰ ਠੀਕ ਲੱਗਦਾ ਹੈ ਪਰ ਉਸ ਦੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ, ਕਿਸੇ ਨੂੰ ਨਹੀਂ ਪਤਾ ਲੱਗਦਾ। ਇਸ ਬਿਮਾਰੀ ਦਾ ਸ਼ਿਕਾਰ ਵਿਅਕਤੀ ਸੱਚ ਤੋਂ ਕੋਹਾਂ ਦੂਰ ਹੁੰਦਾ ਹੈ। ਉਸ ਨੂੰ ਲਗੱਦਾ ਹੈ ਕਿ ਕੋਈ ਉਸ ਨਾਲ ਗੱਲ ਕਰ ਰਿਹਾ ਹੈ, ਉਸ ਨੂੰ ਕੋਈ ਸੁਣ ਰਿਹਾ ਹੈ, ਜਦੋਂ ਕਿ ਅਜਿਹੀ ਕੋਈ ਗੱਲ ਹੁੰਦੀ ਹੀ ਨਹੀਂ। ਉਸ ਦੇ ਦਿਮਾਗ਼ ਦਾ ਸੰਤੁਲਨ ਹਿੱਲ ਜਾਂਦਾ ਹੈ। ਇਸ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਟੀਨੇਜਰ ਨੂੰ । ਉਸ ਦੇ ਅੱਗੇ ਸਾਰੀ ਉਮਰ ਪਈ ਹੁੰਦੀ ਹੈ।

ਜੂਨ, 2017 ਵਿੱਚ ‘ਭੰਗ ਸੇਵਨ ਅਤੇ ਨਾ ਸੇਵਨ ਦੇ ਸਿਹਤਮੰਦ ਮਾਨਸਿਕ ਕਿਰਿਆਵਾਂ ਉੱਪਰ ਅਸਰ’ ਬਾਰੇ ਅਧਿਐਨ ਕਰਨ ਵਾਲੇ ਯੁਨੀਵਰਸਿਟੀ ਔਫ਼ ਪੈੱਨਸਿਲਵੇਨੀਆ (ਅਮਰੀਕਾ) ਦੇ ਸਾਈਕੌਲੋਜੀ ਦੇ ਪ੍ਰੋਫੈਸਰ ਡਾ. ਕੌਬ ਸਕੌਟ ਦਾ ਕਹਿਣਾ ਹੈ ਕਿ ਇਸ ਦੇ ਅਸਰ ਇੰਨੇ ਜ਼ਿਆਦਾ ਨਹੀਂ ਜਿੰਨੇ ਕਿ ਲੋਕ ਸਮਝਦੇ ਹਨ। ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਦੇ ਲੰਬੇ ਅਰਸੇ ਤੱਕ ਰਹਿਣ ਵਾਲੇ ਅਸਰ ਹੁੰਦੇ ਹਨ।

ਯੁਨੀਵਰਸਿਟੀ ਔਫ਼ ਮੌਂਟ੍ਰੀਅਲ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤੀ ਛੋਟੀ ਉਮਰ ਵਿੱਚ ਭੰਗ ਦੇ ਸੇਵਨ ਦੇ ਵੱਡੇ ਅਸਰ ਹੋ ਸਕਦੇ ਹਨ। ਮੌਂਟ੍ਰੀਅਲ ਦੇ 6 ਸਾਲ ਤੋਂ 30-35 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਟ੍ਰੈਕ ਕੀਤਾ ਗਿਆ। ਜਿਹਨਾਂ ਨੇ 17 ਸਾਲ ਦੀ ਉਮਰ ਤੋਂ ਬਾਦ ਭੰਗ ਦਾ ਨਸ਼ਾ ਸ਼ੁਰੂ ਕੀਤਾ, ਉਹਨਾਂ ਦੀਆਂ ਸਾਰੀਆਂ ਸਿਹਤਮੰਦ ਮਾਨਸਿਕ ਕਿਰਿਆਵਾਂ (ਕੌਗਨਿਟਿਵ ਸਕਿਲਜ਼) ਵਿੱਚ ਕੋਈ ਬਹੁਤ ਜ਼ਿਆਦਾ ਗਿਰਾਵਟ ਨਹੀਂ ਸੀ ਪਰ ਜਿਹਨਾਂ ਨੇ 14 ਸਾਲ ਦੀ ਉਮਰ ਤੋਂ ਪਹਿਲਾਂ ਭੰਗ ਦਾ ਨਸ਼ਾ ਲੈਣਾ ਸ਼ੁਰੂ ਕੀਤਾ ਉਹਨਾਂ ਦੀਆਂ ਸਿਹਤਮੰਦ ਮਾਨਸਿਕ ਕਿਰਿਆਵਾਂ ਠੀਕ ਨਹੀਂ ਸਨ। ਇਹ ਅਧਿਐਨ ਕਰਨ ਵਾਲੇ ਪ੍ਰੋ. ਨੇਟੈਲੀ ਕੈਸਟੈਲਾਨੌਸ-ਰਾਇਨ ਦਾ ਕਹਿਣਾ ਹੈ ਕਿ ਮੈਰਿਯੂਆਨਾ ਲਏ ਜਾਣ ਤੋਂ ਪਹਿਲਾਂ ਵੀ ਕਈ ਹੋਰ ਰਿਸਕ ਫੈਕਟਰ ਮੌਜੂਦ ਸਨ ਅਤੇ ਇਹ ਠੋਕ ਵਜਾ ਕੇ ਨਹੀਂ ਕਿਹਾ ਜਾ ਸਕਦਾ ਕਿ ਸਿਰਫ਼ ਭੰਗ ਦੇ ਸੇਵਨ ਕਰਕੇ ਉਹਨਾਂ ਦੀਆਂ ਸਿਹਤਮੰਦ ਮਾਨਸਿਕ ਕਿਰਿਆਵਾਂ ਪ੍ਰਭਾਵਿਤ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਹੁੰਦਾ ਹੈ ਪਰ ਬਹੁਤ ਜ਼ਿਆਦਾ ਨਹੀਂ।

ਯੁਨੀਵਰਸਿਟੀ ਔਫ਼ ਵੈਸਟਰਨ ਓਂਟੈਰੀਓ ਦੇ ਬਾਇਔਲੋਜਿਸਟ (ਜੀਵ ਵਿਗਿਆਨੀ) ਡਾ. ਸਟੀਵਨ ਲੈਵੀਓਲੈੱਟ ਦਾ ਕਹਿਣਾ ਹੈ ਕਿ ਛੋਟੀ ਉਮਰ ਦੇ ਚੂਹਿਆਂ ਉਪਰ ਭੰਗ ਵਿਚਲੇ ਨਸ਼ੀਲੇ ਪਦਾਰਥ ਟੀਐਚਸੀ ਦਾ ਅਸਰ ਵੇਖਿਆ ਗਿਐ। ਉਹਾਂ ਦੀ ਯਾਦਸ਼ਕਤੀ ਘਟੀ ਅਤੇ ਕਈ ਹੋਰ ਮਾਨਸਿਕ ਸਮਸਿਆਵਾਂ ਆਈਆਂ ਪਰ ਵੱਡੀ ਉਮਰ ਦੇ ਚੂਹਿਆਂ ਉੱਪਰ ਇਸ ਦਾ ਅਸਰ ਨਾ ਦੇ ਬਰਬਰ ਸੀ।

ਮਾਪਿਆਂ ਦੇ ਧਿਆਨ ਦੇਣ ਯੋਗ ਗੱਲਾਂ:

  • ਇਹ ਜ਼ਰੂਰ ਯਕੀਨੀ ਬਣਾਉ ਕਿ ਬੱਚਾ 15 ਸਾਲ ਦੀ ਉਮਰ ਤੋਂ ਪਹਿਲਾਂ ਭੰਗ ਦਾ ਸੇਵਨ ਨਾ ਕਰੇ ਕਿਉਂਕਿ ਉਸ ਸਮੇਂ ਇਸ ਦਾ ਉਸ ਦੀ ਮਾਨਸਿਕ ਸਿਹਤ ਉੱਪਰ ਵੱਡਾ ਅਸਰ ਹੋ ਸਕਦਾ ਹੈ।
  • ਜੇ ਬੱਚਾ ਭੰਗ ਦਾ ਸੇਵਨ ਕਰਨ ਲੱਗ ਹੀ ਪਿਆ ਹੈ ਤਾਂ ਉਸ ਵਿੱਚ ਬ੍ਰੇਕ ਜ਼ਰੂਰ ਪਾਉ। ਭਾਵ, ਇਸ ਨੂੰ ਲਗਾਤਾਰ ਨਾ ਲਉ…ਕਈ ਦਿਨ ਭੰਗ ਨਾ ਲਉ।
  • ਸ਼ਰਾਬ ਵਾਂਗ ਭੰਗ ਦੀ ਪੋਟੈਂਸੀ (ਤਾਕਤ) ਵਿੱਚ ਵੀ ਫ਼ਰਕ ਹੁੰਦਾ ਹੈ। ਜੇ ਕਿਸੇ ਪਦਾਰਥ ਵਿੱਚ ਟੀਐਚਸੀ ਦੀ ਮਾਤਰਾ ਵੱਧ ਹੋਈ ਤਾਂ ਦਿਮਾਗ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
  • ਸਿਗਰਟ ਦੀ ਥਾਂ ਜੇ ਭੰਗ ਕਿਸੇ ਖਾਣ ਵਾਲੇ ਪਦਾਰਥ ਵਿੱਚ ਲਈ ਝਾਂਦੀ ਹੈ ਤਾਂ ਇਸ ਦਾ ਜ਼ਿਆਦਾ ਮਾਰੂ ਅਸਰ ਹੋ ਸਕਦਾ ਹੈ ਅਤੇ ਵਿਅਕਤੀ ਨੂੰ ਹਸਪਤਾਲ ਜਾਣਾ ਪੈ ਸਕਦਾ ਹੈ।
  • ਜੇ ਪਰਿਵਾਰ ਵਿੱਚ ਕਿਸੇ ਨੂੰ ਮਾਨਸਿਕ ਰੋਗ ਰਿਹਾ ਹੈ ਤਾਂ ਭੰਗ ਛੋਟੀ ਉਮਰ ਵਿੱਚ ਸਕਿਜ਼ੋਫ੍ਰੇਨੀਆ ਵਰਗੀਆਂ ਸਮਸਿਆਵਾਂ ਪੈਦਾ ਕਰ ਸਕਦੀ ਹੈ।
  • ਹਰ ਨਸ਼ੀਲੇ ਪਦਾਰਥ ਦਾ ਅਸਰ ਇਕੋ ਜਿਹਾ ਨਹੀਂ ਹੁੰਦਾ। ਸ਼ਰਾਬ ਦੇ ਨੁਕਸਾਨ, ਭੰਗ ਦੇ ਨੁਕਸਾਨ ਨਾਲ ਮੇਲ ਨਹੀਂ ਖਾਂਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਮਾੜੇ ਪ੍ਰਭਾਵ ਨਹੀਂ ਹਨ।
  • ਮੈਰਿਯੁਆਨਾ ਦਾ ਸੇਵਨ ਕਰਕੇ ਕੋਈ ਗੱਡੀ ਜਾਂ ਮਸ਼ੀਨ ਨਾ ਚਲਾਉ। ਸ਼ਰਾਬ ਨਾਲ ਭੰਗ ਦਾ ਸੇਵਨ ਸਥਿਤੀ ਨੂੰ ਹੋਰ ਗੰਭੀਰ ਕਰ ਸਕਦਾ ਹੈ।
  • ਕਿਸੇ ਅਧਿਐਨ ਰਿਪੋਰਟ ਦੇ ਮਗਰ ਲੱਗ ਕੇ ਭੰਗ ਦਾ ਸੇਵਨ ਨਾ ਕਰੋ…ਕਈ ਕੰਪਨੀਆਂ ਨਿਜੀ ਫਾਇਦੇ ਵਾਸਤੇ ਭੰਗ ਨੂੰ ਨੁਕਸਾਨ-ਮੁਕਤ ਦੱਸ ਸਕਦੀਆਂ ਹਨ।
  • ਮਨੁੱਖੀ ਦਿਮਾਗ਼ ਦਾ ਵਿਕਾਸ 25 ਸਾਲ ਦੀ ਉਮਰ ਤੱਕ ਹੁੰਦਾ ਹੈ। ਉਸ ਸਮੇਂ ਤੱਕ ਸ਼ਰਾਬ, ਸਿਗਰਟ ਅਤੇ ਕੋਈ ਵੀ ਨਸ਼ਾ ਨਾ ਲੈਣਾ ਠੀਕ ਹੈ। ਇਸ ਦੇ ਮਾਨਸਿਕ ਸਿਹਤ ਉੱਪਰ ਬੁਰੇ ਪ੍ਰਭਾਵ ਪੈ ਸਕਦੇ ਹਨ।

-ਰਿਸ਼ੀ ਨਾਗਰ

7 Likes

Comments: 2

Leave a comment