- ਜਸਟਿਨ ਟਰੂਡੋ ਆਪਣੀ ਸਰਕਾਰ ਬਚਾ ਸਕਣਗੇ?
- ਐਲਬਰਟਾ ਵਿੱਚੋਂ ਚਾਰੇ ਸੀਟਾਂ ਮੁੜ ਜਿੱਤਣਾ ਸੰਭਵ ਹੋਵੇਗਾ?
- ਪਾਰਟੀ ਅੰਦਰ ਬਗ਼ਾਵਤ ਨੂੰ ਠੱਲ ਪਾਈ ਜਾ ਸਕੇਗੀ?
- ਜਗਮੀਤ ਸਿੰਘ ਦੀ ਅਗਵਾਈ ਵਿੱਚ ਐਨਡੀਪੀ ਚੋਣ ਲੜੇਗੀ?
ਇਸ ਵਾਰ ਦੀਆਂ ਫੈਡਰਲ ਚੋਣਾਂ ਕੈਨੇਡਾ ਵਾਸੀਆਂ ਵਾਸਤੇ ਬਹੁਤ ਹੀ ਦਿਲਚਸਪੀ ਵਾਲੀਆਂ ਰਹਿਣ ਦੀ ਸੰਭਾਵਨਾ ਹੈ। ਰਾਜਨੀਤੀ ਦੇ ਜਾਣਕਾਰਾਂ ਅਤੇ ਮੀਡੀਆ ਦੇ ਧੁਰੰਧਰਾਂ ਦਾ ਕਹਿਣਾ ਹੈ ਕਿ ਇਸ ਵਾਰ ‘ਘੜਮੱਸ’ ਬਹੁਤ ਪਵੇਗਾ। ਫੈਡਰਲ ਪੱਧਰ ‘ਤੇ ਐਨਡੀਪੀ, ਕੰਜ਼ਰਵੇਟਿਵ ਅਤੇ ਲਿਬਰਲ ਪਾਰਟੀਆਂ ਦੀ ਤਾਕਤ ਆਜ਼ਮਾਈ ਤਾਂ ਹੋਵੇਗੀ ਹੀ, ਇਸ ਵਾਰ ਗ੍ਰੀਨ ਪਾਰਟੀ ਦੀ ਦਮਦਾਰ ਅਤੇ ਜ਼ੋਰਦਾਰ ਹਾਜ਼ਰੀ ਲੱਗਣ ਦੀ ਵੀ ਸੰਭਾਵਨਾ ਬਣ ਰਹੀ ਜਾਪਦੀ ਹੈ।
ਦੇਸ਼ ਦੀ ਸੰਸਦ ਵਿੱਚ ਕੁੱਲ 338 ਸੀਟਾਂ ਨੇ। ਲਿਬਰਲ ਪਾਰਟੀ ਕੋਲ ਇਸ ਸਮੇਂ 180, ਕੰਜ਼ਰਵੇਟਿਵ ਪਾਰਟੀ ਕੋਲ 96, ਐਨਡੀਪੀ ਕੋਲ 40, ਬਲੌਕ ਕਿਬੈਕਵਾ ਕੋਲ 10, ਗ੍ਰੀਨ ਪਾਰਟੀ ਕੋਲ ਇੱਕ, ਪੀਪਲਜ਼ ਪਾਰਟੀ ਔਫ਼ ਕੈਨੇਡਾ ਕੋਲ ਇੱਕ, ਕੋ-ਔਪਰੇਟਿਵ ਕੌਮਨਵੈਲਥ ਫੈਡਰੇਸ਼ਨ (ਖ਼ਤਮ ਹੋ ਚੁੱਕੀ ਪਾਰਟੀ) ਕੋਲ ਇੱਕ, ਅਜ਼ਾਦ 4 ਮੈਂਬਰ ਅਤੇ 5 ਖਾਲੀ ਸੀਟਾਂ ਨੇ। ਬਹੁਮਤ ਹਾਸਲ ਕਰਨ ਵਾਸਤੇ ਕਿਸੇ ਵੀ ਪਾਰਟੀ ਲਈ 170 ਸੀਟਾਂ ਜਿੱਤਣਾ ਜ਼ਰੂਰੀ ਹੈ। ਲਿਬਰਲ ਪਾਰਟੀ ਕੋਲ ਇਸ ਸਮੇਂ 180 ਸੀਟਾਂ ਹਨ; ਬਹੁਮਤ ਤੋਂ ਸਿਰਫ਼ 10 ਜ਼ਿਆਦਾ। ਉਹਨਾਂ ਦਸ ਸੀਟਾਂ ਵਿੱਚੋਂ ਲਿਬਰਲ ਪਾਰਟੀ ਕੋਲ 8 ਅਜਿਹੀਆਂ ਸੀਟਾਂ ਹਨ ਜਿਹਨਾਂ ‘ਤੇ ਜਿੱਤ ਦਾ ਫ਼ਰਕ 2% ਤੋਂ ਵੀ ਘੱਟ ਸੀ; ਭਾਵ, ਉਹ ਸੀਟਾਂ ਖ਼ਤਰੇ ਹੇਠ ਹੋ ਸਕਦੀਆਂ ਹਨ। ਦੂਜੇ ਪਾਸੇ, ਕਈ ਅਜਿਹੀਆਂ ਸੀਟਾਂ ਵੀ ਹਨ ਜਿਨ੍ਹਾਂ ਉੱਪਰ ਜਿੱਤ-ਹਾਰ ਦਾ ਫ਼ਰਕ ਕਾਫੀ ਘੱਟ ਸੀ ਤੇ ਉਹ ਐਨਡੀਪੀ ਜਾਂ ਕੰਜ਼ਰਵੇਟਿਵ ਪਾਰਟੀ ਨੇ ਜੱਤੀਆਂ ਸਨ।
ਪਿਛਲੀ ਵਾਰ ਲਿਬਰਲ ਪਾਰਟੀ ਦੀ ਲਹਿਰ ਸੀ, ਅਜਿਹਾ ਹੁਣ ਨਹੀਂ ਹੈ। ਇਸ ਵਾਰ ਲਹਿਰ ਕੰਜ਼ਰਵੇਟਿਵ ਪਾਰਟੀ ਦੀ ਵੀ ਨਹੀਂ ਹੈ। ਸਗੋਂ ਇਹ ਕਹਿਣਾ ਜ਼ਿਆਦਾ ਠੀਕ ਹੈ ਕਿ ਐਂਡ੍ਰਿਊ ਸ਼ੀਅਰ ਕੁੱਝ ਕਮਾਲ ਨਹੀਂ ਕਰ ਸਕੇ ਹਨ ਤੇ ਪਾਰਟੀ ਦੇ ਅੰਦਰ ਵੀ ਉਹਨਾਂ ਦੀ ਕੋਈ ਖਾਸ ‘ਭੱਲ’ ਨਹੀਂ ਹੈ। ਜਗਮੀਤ ਸਿੰਘ, ਐਨਡੀਪੀ ਨੂੰ ਜਿਸ ਨੀਵੇਂ ਪੱਧਰ ‘ਤੇ ਲੈ ਗਏ ਹਨ, ਉਸ ਤੋਂ ਹੋਰ ਹੇਠਾਂ ਜਾਣਾ ਸੰਭਵ ਨਹੀਂ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਚੋਣਾਂ ‘ਘੜਮੱਸ’ ਵਾਲੀਆਂ ਹੋਣਗੀਆਂ। ਜਦੋਂ ਲਿਬਰਲ ਪਾਰਟੀ ਦੀ ਲਹਿਰ ਸੀ ਤੇ ਉਸ ਵੇਲੇ ਜਿਹੜੀਆਂ ਸੀਟਾਂ ਇਹ ਪਾਰਟੀ ਨਹੀਂ ਜਿੱਤ ਸਕੀ ਸੀ, ਉਹਨਾਂ ਵਿੱਚ ਹੁਣ ਜਿੱਤ ਹਾਸਲ ਕਰ ਸਕਣਾ ਅਸਾਨ ਨਹੀਂ ਹੋਵੇਗਾ।
ਸੱਤਾ ਵਿੱਚ ਆਉਣ ਵਾਲੀ ਪਾਰਟੀ ਅਤੇ ਜਿੱਤਣ ਵਾਲੇ ਉਸ ਪਾਰਟੀ ਦੇ ਮੈਂਬਰਾਂ ਤੋਂ ਆਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਸੱਤਾ ਵਿੱਚ ਆ ਕੇ ਅਸਲੀਅਤ ਤਬਦੀਲ ਹੋ ਜਾਂਦੀ ਹੈ। ਲੋਕਾਂ ਦੀ ਨਾਰਾਜ਼ਗੀ ਵਧ ਜਾਂਦੀ ਹੈ। ਲਿਬਰਲ ਪਾਰਟੀ ਨੂੰ ਵੀ ਸੱਤਾ ਵਿੱਚ ਆਉਣ ਮਗਰੋਂ ਇਹਨਾਂ ਹੀ ਹਾਲਾਤ ਦਾ ਸਾਹਮਣਾ ਹੈ। ਓਂਟੈਰੀਓ ਵਿੱਚ (ਫੈਡਰਲ) ਲਿਬਰਲ ਪਾਰਟੀ ਕੋਲ ਭਾਰੀ ਬਹੁਮਤ ਆਇਆ ਸੀ ਪਰ ਇਸ ਵਾਰ ਉਹ ਸਥਿਤੀ ਨਹੀਂ ਹੈ। ਰਾਜ ਗਰੇਵਾਲ ਦੀ ‘ਕਰਤੂਤ’ ਉਸ ਨੂੰ ਖੁਦ ਕਿੰਨੀ ਮਹਿੰਗੀ ਪੈਂਦੀ ਹੈ, ਇਹ ਬਾਦ ਦੀ ਗੱਲ ਹੈ; ਪਾਰਟੀ ਲਈ ਉਹ ਬਹੁਤ ਵੱਡਾ ਨੁਕਸਾਨ ਕਰ ਗਏ ਹਨ। ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਮਹਾਰਥੀ ਐਂਡ੍ਰਿਊ ਕਾਨੀਆ ਬਗ਼ਾਵਤ ਕਰ ਗਏ ਹਨ। ਉਹਨਾਂ ਨੇ ਮੌਜੂਦਾ ਲਿਬਰਲ ਐਮਪੀ ਸੋਨੀਆ ਸਿੱਧੂ ਦਾ ਸਿੰਘਾਸਣ ਹਿਲਾ ਦਿੱਤਾ ਹੈ।
ਐਲਬਰਟਾ ਵਿੱਚ ਲਿਬਰਲ ਪਾਰਟੀ ਪਿਛਲੀ ਵਾਰ ਚਾਰ ਸੀਟਾਂ ਜਿੱਤ ਗਈ ਸੀ। ਇਸ ਨੂੰ ਕਰਾਮਾਤ ਹੀ ਮੰਨਿਆ ਜਾ ਰਿਹਾ ਸੀ। ਦਰਸ਼ਨ ਸਿੰਘ ਕੰਗ ਦੀ ‘ਕਰਤੂਤ’ ਨੇ ਨਾ ਕੇਵਲ ਉਹਨਾਂ ਦਾ ਆਪਣਾ, ਸਗੋਂ ਆਪਣੀ ਪਾਰਟੀ ਦਾ ਵੀ ਭੱਠਾ ਬਿਠਾ ਦਿੱਤਾ ਹੈ। ਘੱਟ ਕੈਂਟ ਹੇਰ੍ਹ ਨੇ ਵੀ ਨਹੀਂ ਕੀਤੀ ਹੈ। ਇਹਨਾਂ ਦੋਵਾਂ ਨੇ ਆਪਣੀ ਮਿਹਨਤ ਨਾਲ ਲਿਬਰਲ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੋਇਆ ਸੀ ਤੇ ਦੋਵਾਂ ਨੇ ਹੀ ‘ਮਿਹਨਤ’ ਕਰਕੇ ਇਹੀ ਝੰਡਾ ਰੋਲ਼ ਕੇ ਰੱਖ ਦਿੱਤਾ ਹੈ। ਅਮਰਜੀਤ ਸੋਹੀ, ਐਡਮੰਟਨ ਮਿਲਵੁਡਜ਼ ਤੋਂ ਸਿਰਫ਼ 0.2% ਦੇ ਫ਼ਰਕ ਨਾਲ ਚੋਣ ਜਿੱਤੇ ਸਨ ਤੇ ਇਹ ਅੰਤਰ ਬਹੁਤ ਥੋੜ੍ਹਾ ਹੈ। ਉਹਨਾਂ ਕੋਲ ਦੋ ਮੰਤਰਾਲਿਆਂ ਦੀ ਜ਼ਿੰਮੇਵਾਰੀ ਰਹੀ ਹੈ ਤੇ ਦੋਵੇਂ ਵੱਡੇ ਮੰਤਰਾਲੇ ਰਹੇ ਹਨ। ਉਹਨਾਂ ਲਈ ਜਿੱਤ ਭਾਵੇਂ ਅਸਾਨ ਨਹੀਂ ਹੈ, ਪਰ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਪਰ ਪਾਈਪਲਾਈਨ ਦੇ ਮੁੱਦੇ ‘ਤੇ ਉਹਨਾਂ ਕੋਲ ਸਿਵਾਇ ‘ਬੈਕਫੁਟ’ ‘ਤੇ ਜਾਣ ਦੇ, ਕੋਈ ਹੋਰ ਚਾਰਾ ਨਹੀਂ ਹੈ। ਉਹ ਆਪਣੀ ਸੀਟ ਬਚਾ ਵੀ ਸਕਦੇ ਹਨ। ਐਡਮੰਟਨ ਸੈਂਟਰ ਤੋਂ ਲਿਬਰਲ ਐਮਪੀ ਰੈਂਡੀ ਬੋਇਜ਼ੌਨਾਉ ਨੇ ਆਪਣੀ ਸੀਟ 2.2% ਦੇ ਫ਼ਰਕ ਨਾਲ ਜਿੱਤੀ ਸੀ। ਉਹ ਪਾਰਲੀਮਾਨੀ ਸਕੱਤਰ ਹਨ ਪਰ ਉਹ ਅਮਰਜੀਤ ਸੋਹੀ ਜਿੰਨੀ ਪ੍ਰਸਿੱਧੀ ਨਹੀਂ ਖੱਟ ਸਕੇ। ਉਹਨਾਂ ਦਾ ਮੁੜ ਜਿੱਤਣਾ ਵੀ ਅਸਾਨ ਨਹੀਂ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਲਿਬਰਲ ਪਾਰਟੀ ਕੋਲ ਭਾਰੀ ਬਹੁਮਤ ਹੈ। ਰਣਦੀਪ ਸਿੰਘ ਸਰਾਇ ਪਿਛਲੀ ਵਾਰ ਇਕ ਸੀਟ ਤੋਂ ਨੌਮੀਨੇਸ਼ਨ ਹਾਰ ਕੇ ਦੂਜੀ ਸੀਟ ਤੋਂ ਚੋਣ ਜਿੱਤ ਗਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਉਹਨਾਂ ਦਾ ਨਾਮ ਵਿਵਾਦਾਂ ਵਿੱਚ ਘਿਰ ਗਿਆ ਸੀ ਜਿਸ ਮਗਰੋਂ ਉਹਨਾਂ ਨੂੰ ਮਿਲੀ ਅਹਿਮ ਜ਼ਿੰਮੇਦਾਰੀ ਤੋਂ ਫਾਰਗ਼ ਕਰ ਦਿੱਤਾ ਗਿਆ ਸੀ। ਰਾਜਨੀਤਕ ਹਲਕਿਆਂ ਵਿੱਚ ਚਰਚਾ ਇਹ ਵੀ ਹੈ ਕਿ ਇਸ ਵਾਰ ਹਰਜੀਤ ਸਿੰਘ ਸੱਜਣ ਦੀ ਸੀਟ ਵੀ ਖ਼ਤਰੇ ਹੇਠ ਹੈ। ਇਸ ਵਿੱਚ ਸੱਚ ਕਿੰਨਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਜਾਣਕਾਰ ਹਲ਼ਕਿਆਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਸੱਜਣ ਦੀ ਸੀਟ ਇਸ ਵਾਰ ਸੁਰੱਖਿਅਤ ਨਹੀਂ ਹੈ। ਸਮੁੰਦਰੀ ਕਿਨਾਰੇ ਦੇ ਨਾਲ ਲੱਗਦੀਆਂ ਫੈਡਰਲ ਸੀਟਾਂ ਲਿਬਰਲ ਪਾਰਟੀ ਦੇ ਹੱਥੋਂ ਨਿੱਕਲ ਵੀ ਸਕਦੀਆਂ ਹਨ ਕਿਉਂਕਿ ਉਹ ਪਾਈਪ-ਲਾਈਨ ਦੇ ਮੁੱਦੇ ਉੱਤੇ ਹਾਂ ਪੱਖੀ ਹੁੰਗਾਰਾ ਭਰਦੇ ਰਹੇ ਹਨ। ਇਹਨਾਂ ਇਲਾਕਿਆਂ ਦੇ ਲੋਕ ਪਾਈਪ-ਲਾਈਨ ਨਹੀਂ ਚਾਹੁੰਦੇ।
ਲਿਬਰਲ ਪਾਰਟੀ ਨੂੰ ਸਭ ਤੋਂ ਵੱਡਾ ਖ਼ਤਰਾ ਕੰਰਵੇਟਿਵ ਪਾਰਟੀ ਤੋਂ ਨਹੀਂ ਸੀ ਸਗੋਂ ਜਗਮੀਤ ਸਿੰਘ ਦੇ ਐਨਡੀਪੀ ਆਗੂ ਬਣਨ ਤੋਂ ਬਾਦ, ਉਸ ਪਾਰਟੀ ਤੋਂ ਸੀ। ਜਗਮੀਤ ਸਿੰਘ ਦੇ ਆੳਣ ਮਗਰੋਂ ਇਹ ਲੱਗਣ ਲੱਗਿਆ ਸੀ ਕਿ ਦੇਸ਼ ਭਰ ਵਿੱਚ ਸਿੱਖ ਵੋਟਰ ਐਨਡੀਪੀ ਵੱਲ ਚਲੇ ਜਾਣਗੇ ਪਰ ਉਹ ਕੁਝ ਕਰਿਸ਼ਮਾ ਨਹੀਂ ਕਰ ਸਕੇ ਪਰ ਸਿੱਖਾਂ ਵਿੱਚ ਉਹਨਾਂ ਦੀ ਇਮੇਜ ਨੂੰ ਬਹੁਤ ਵੱਡਾ ਖੋਰਾ ਵੀ ਨਹੀਂ ਲੱਗਿਆ ਹੈ। ਹਾਂ, ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਅਤੇ ਸਿੱਖਾਂ ਨੂੰ ਛੱਡ ਕੇ ਬਾਕੀ ਭਾਈਚਾਰਿਆਂ ਨੇ ਜਗਮੀਤ ਸਿੰਘ ਨੂੰ ਉਸ ਤਰ੍ਹਾਂ ਕਬੂਲ ਨਹੀਂ ਕੀਤਾ ਹੈ ਜਿਵੇਂ ਸਿੱਖਾਂ ਨੇ ਕੀਤਾ ਹੈ। ਹੁਣ ਲਿਬਰਲ ਪਾਰਟੀ ਲਈ ਚੁਣੌਤੀ ਗ੍ਰੀਨ ਪਾਰਟੀ ਬਣ ਰਹੀ ਹੈ। ਇਹ ਗੱਲ ਸਾਫ਼ ਜਾਪਦੀ ਹੈ ਕਿ ਇਸ ਵਾਰ ਗ੍ਰੀਨ ਪਾਰਟੀ ਬ੍ਰਿਟਿਸ਼ ਕੋਲੰਬੀਆ, ਓਂਟੈਰੀਓ ਅਤੇ ਕਿਉਬੈੱਕ ਵਿੱਚ ਆਪਣੀ ਦਮਦਾਰ ਹਾਜ਼ਰੀ ਲਗਵਾ ਸਕਦੀ ਹੈ। ਇਸ ਨਾਲ ਖ਼ਤਰਾ ਕੰਜ਼ਰਵੇਟਿਵ ਪਾਰਟੀ ਨੂੰ ਹੋ ਸਕਦਾ ਹੈ। ਉਹਨਾਂ ਨੂੰ ਆਸ ਹੈ ਕਿ ਲਿਬਰਲਾਂ ਤੋਂ ਨਾਰਾਜ਼ ਲੋਕ ਕੰਜ਼ਰਵੇਟਿਵਾਂ ਨੂੰ ਵੋਟ ਪਾ ਦੇਣਗੇ ਪਰ ਇਜ ਲਾਜ਼ਮੀ ਨਹੀਂ ਹੈ।
ਕਿਉਬੈੱਕ ਵਿੱਚ ਵੋਟਾਂ ਇਸ ਵਾਰ ਚਾਰ ਧੜਿਆਂ ਵਿੱਚ ਵੰਡੀਆਂ ਜਾਣ ਦੀ ਸੰਭਾਵਨਾ ਹੈ। ਬਲੌਕ ਕਿਉਬੈਕਵਾ, ਐਨਡੀਪੀ, ਕੰਜ਼ਰਵੇਟਿਵ ਅਤੇ ਗ੍ਰੀਨ ਪਾਰਟੀ ਵੱਲ ਉਹ ਵੋਟ ਜਾਵੇਗੀ ਜਿਹੜੀ ਲਿਬਰਲ ਤੋਂ ਟੁੱਟੇਗੀ। ਜਿਹੜੀ ਵੋਟ ਪਿਛਲੀ ਵਾਰ ਲਿਬਰਲ ਲਹਿਰ ਸਮੇਂ ਉਸ ਨੂੰ ਨਹੀਂ ਪਈ ਸੀ, ਉਹ ਹੁਣ ਵੀ ਨਹੀਂ ਪੈਣੀ ਹੈ। ਪਰ ਇਹ ਵੋਟ ਟੁੱਟ ਕੇ ਕੰਜ਼ਰਵੇਟਿਵ ਪਾਰਟੀ ਜਾਂ ਐਨਡੀਪੀ ਦੀ ਥਾਂ ਗ੍ਰੀਨ ਪਾਰਟੀ ਨੂੰ ਵੀ ਜਾ ਸਕਦੀ ਹੈ।
ਮੈਕਸੀਮ ਬਰਨੀਏ ਦੀ ਨਵੀਂ ਪਾਰਟੀ ਪੀਪਲਜ਼ ਪਾਰਟੀ ਔਫ਼ ਕੈਨੇਡਾ ਤੋਂ ਕੁੱਝ ਵੀ ਆਸ ਨਹੀਂ ਹੈ। ਮੈਕਸੀਮ ਬਰਨੀਏ ਆਪਣੀ ਸੀਟ ਹੀ ਲੈ ਜਾਣ, ਇਹੀ ਕਾਫੀ ਹੈ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬਰਨੀਏ ਆਪਣੀ ਨਿਜੀ ਲੜਾਈ ਲੜ ਰਹੇ ਹਨ। ਉਹ ਸਿਰਫ਼ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜਿਹਨਾਂ ਪਾਰਟੀ ਮੈਂਬਰਾਂ ਨੇ ਬਰਨੀਏ ਨੂੰ ਪਾਰਟੀ ਲੀਡਰਸ਼ਿਪ ਦੌਰਾਨ ਵੋਟ ਪਾਈ ਸੀ, ਉਹ ਵੀ ਨਹੀਂ ਚਾਹੁੰਦੇ ਕਿ ਬਰਨੀਏ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਪਹੁੰਚਾਉਣ। ਇਸ ਲਈ ਲੱਗਦਾ ਨਹੀਂ ਹੈ ਕਿ ਉਹ ਬਹੁਤ ਵੱਡਾ ਮਾਅਰਕਾ ਮਾਰਨਗੇ।
ਐਟਲਾਂਟਕ ਸੂਬਿਆਂ ਵਿੱਚ ਲਿਬਰਲ ਪਾਰਟੀ ਸਾਰੀਆਂ ਸੀਟਾਂ (32) ਜਿੱਤ ਗਈ ਸੀ। ਇਸ ਵਾਰ ਇਹ ਕਾਰਨਾਮਾ ਦੁਹਰਾ ਸਕਣਾ ਅਸਾਨ ਨਹੀਂ ਹੈ। 4 ਅਹਿਮ ਤੇ ਤਜਰਬੇਕਾਰ ਐਮਪੀ ਇਸ ਵਾਰ ਰਿਟਾਇਰ ਹੋ ਰਹੇ ਹਨ। ਉਹ ਇਸ ਕਰਕੇ ਜਿੱਤਦੇ ਰਹੇ ਨੇ ਕਿ ਉਹਨਾਂ ਦਾ ਆਪਣਾ ਨਿਜੀ ਅਧਾਰ ਬਹੁਤ ਮਜ਼ਬੂਤ ਸੀ। ਨੋਵਾ ਸਕੌਸ਼ੀਆ, ਨਿਊ ਬ੍ਰੰਜ਼ਵਿਕ, ਐਲਬਰਟਾ, ਓਂਟੈਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੀ ਵਾਰ ਜਿੰਨਾ ਲਾਭ ਲਿਬਰਲ ਪਾਰਟੀ ਨੂੰ ਮਿਲਿਆ ਸੀ, ਉੰਨਾ ਹੁਣ ਇਸ ਵਰ੍ਹੇ ਹਾਸਲ ਕਰਨਾ ਅਸਨਾ ਨਹੀਂ ਹੋਵੇਗਾ।
ਪਿਛਲੀਆਂ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਨੇ ਕੁੱਲ 231 ਵਾਅਦੇ ਕੀਤੇ ਸਨ। ਪਾਰਟੀ, ਸੱਤਾ ਵਿੱਚ 1200 ਦਿਨ ਪੂਰੇ ਕਰ ਚੁੱਕੀ ਹੈ। ਇਹਨਾਂ 231 ਵਾਅਦਿਆਂ ਵਿੱਚੋਂ 33 ‘ਤੇ ਕੰਮ ਹੀ ਨਹੀਂ ਸ਼ੁਰੂ ਹੋਇਆ (14%); 56 ‘ਤੇ ਕੰਮ ਚੱਲ ਰਿਹਾ ਹੈ (24%); 98 ਵਾਅਦੇ ਪੂਰੇ ਕਰ ਦਿੱਤੇ ਗਏ ਹਨ (42%)ਅਤੇ 44 ਤੋਂ ਪਾਰਟੀ ਮੁੱਕਰ ਗਈ ਹੈ (19%) ਜਾਂ ਪੂਰੇ ਨਹੀਂ ਕੀਤੇ ਗਏ ਹਨ।
ਸੱਤਾ ਵਿੱਚ ਵਾਪਸ ਪਰਤਨਾ ਲਿਬਰਲ ਪਾਰਟੀ ਲਈ ਅਸੰਭਵ ਨਹੀਂ ਪਰ ਅਸਾਨ ਨਹੀਂ ਹੈ। ਇਹੀ ਅਸਾਨੀ ਕੰਜ਼ਰਵੇਟਿਵ ਪਾਰਟੀ ਲੀਡਰ ਐਂਡ੍ਰਿਊ ਸ਼ੀਅਰ ਵਾਸਤੇ ਵੀ ਨਹੀਂ ਹੈ। ਜੇ ਇਸ ਵਾਰ ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਕੁਝ ਖਾਸ ਨਹੀਂ ਕਰਦੀ ਤਾਂ ਇਹ ਪਾਰਟੀ ਲੀਡਰ ਸ਼ੀਅਰ ਦੀ ਨਾਲਾਇਕੀ ਹੀ ਮੰਨੀ ਜਾਵੇਗੀ। ਇਕ ਗੱਲ ਪੱਕੀ ਹੈ, ਇਸ ਵਾਰ ਕਿਸੇ ਵੀ ਪਾਰਟੀ ਦੀ ਲਹਿਰ ਨਹੀਂ ਹੈ ਤੇ ਲਹਿਰ ਤੋਂ ਬਿਨਾਂ ਜਿੱਤਣਾ ਅਸਾਨ ਨਹੀਂ ਹੁੰਦਾ। ਅਗਲੀ ਸਰਕਾਰ ਘੱਟ ਗਿਣਤੀ ਸਰਕਾਰ ਵੀ ਹੋ ਸਕਦੀ ਹੈ!
-ਰਿਸ਼ੀ ਨਾਗਰ
Comments: 4