ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਖੁੱਲ੍ਹਾ ਖ਼ਤ

Posted by Rishi In: Punjabi No comments

ਸਤਿਕਾਰਯੋਗ ਪ੍ਰਧਾਨ ਮੰਤਰੀ ਜੀ

ਮੇਰੀ ਤੁਹਾਡੇ ਨਾਲ ਇਕ ਅਜੀਬ ਜਿਹੀ ਸਾਂਝ ਹੈ। ਮੇਰੇ ਵਡੇ ਵਡੇਰੇ ਗੁਜਰਾਤ ਦੇ ਉਸੇ ਸ਼ਹਿਰ ਤੋਂ ਸਨ ਜਿਸ ਵਿੱਚ ਆਪ ਦਾ ਜਨਮ ਹੋਇਆ ਹੈ ; ਵਡਨਗਰ। ਇਹੀ ਮੇਰੀ ਤੁਹਾਡੇ ਨਾਲ ਸਾਂਝ ਹੈ – ਮੇਰੇ ਅਤੇ ਤੁਹਾਡੇ ਪੁਰਖਿਆਂ ਦੀ ਜਨਮ ਭੋਇੰ ਇੱਕੋ ਹੈ। ਮੇਰੇ ਪੁਰਖੇ ਲਗਪਗ 10 ਪੀੜ੍ਹੀਆਂ ਪਹਿਲਾਂ ਗੁਜਰਾਤ ਤੋਂ ਪੰਜਾਬ ਆ ਗਏ ਸਨ ਤੇ ਹੁਣ ਅਸੀਂ ਸਾਰੇ ਪੰਜਾਬੀ ਹਾਂ – ਜ਼ੁਬਾਨੋਂ, ਵਿਹਾਰੋਂ, ਸੰਸਕਾਰੋਂ, ਜਨਮੋਂ-ਮਰਨੋਂ – ਸ਼ੁੱਧ ਪੰਜਾਬੀ। ਹੁਣ ਤਾਂ ਸਾਨੁੰ ਸੁਫ਼ਨੇ ਵੀ ਪੰਜਾਬੀ ਵਿੱਚ ਆਉਂਦੇ ਹਨ। 

ਭਾਰਤ ਦੀ ਖੜਗ਼ ਭੁਜਾ ਵਜੋਂ ਜਾਣੇ ਜਾਂਦੇ ਰਹੇ ਸੂਬਾ ਪੰਜਾਬ ਅਤੇ ਇਸ ਦੀ ਹੀ ਇਕ ਪਸਲੀ ਕੱਢ ਕੇ ਬਣਾਏ ਗਏ ਸੂਬਾ ਹਰਿਆਣਾ ਦੇ ਲੱਖਾਂ ਕਿਸਾਨ ਪਿਛਲੇ ਲੰਬੇ ਅਰਸੇ ਤੋਂ ਆਪ ਜੀ ਦੀ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਦਾ ਵਿਰੋਧ ਪਿਛਲੇ ਲੰਬੇ ਅਰਸੇ ਤੋਂ ਕਰ ਰਹੇ ਹਨ। ਆਜ਼ਾਦੀ ਤੋਂ ਬਾਦ ਇਸ ਤਰ੍ਹਾਂ ਦਾ ਅੰਦੋਲਨ ਪਹਿਲੀ ਵਾਰ ਹੋ ਰਿਹਾ ਹੈ। ਹਰੀ ਕ੍ਰਾਂਤੀ ਤੋਂ ਬਾਦ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਇਹਨਾਂ ਦੋਵਾਂ ਸੂਬਿਆਂ ਦਾ ਵੱਡਾ ਯੋਗਦਾਨ ਰਿਹਾ ਹੈ।

ਤੁਸੀਂ ਬਹੁਤ ਤਾਕਤਵਰ ਦੇਸ਼ ਦੇ, ਬਹੁਤ ਤਾਕਤਵਰ ਸਰਕਾਰ ਦੇ, ਬਹੁਤ ਤਾਕਤਵਰ ਪ੍ਰਧਾਨ ਮੰਤਰੀ ਹੋ। ਇਸ ਵਿੱਚ ਕੋਈ ਸ਼ੱਕ ਨਹੀਂ। ਤਾਕਤ, ਸੱਤਾ ਅਤੇ ਅਹੁਦੇ ਨੂੰ ਉਸ ਵੇਲੇ ਚਾਰ ਚੰਨ ਲੱਗ ਜਾਂਦੇ ਹਨ ਜਦੋਂ ਉਸ ਦੇ ਪ੍ਰਭਾਵ ਹੇਠ ਦੇਸ਼ ਦੇ ਬਹੁਤੇ ਲੋਕਾਂ ਦੇ ਫਾਇਦੇ ਲਈ ਫੈਸਲੇ ਲਏ ਜਾਂਦੇ ਹਨ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਇਕ ਵਾਰ ਕਿਸੇ ਵਿਅਕਤੀ ਨੇ ਗਲੋਂ ਫੜ ਕੇ ਪੁਛਿਆ ਸੀ ਕਿ ਤੁਹਾਡੀ ਆਜ਼ਾਦੀ ਨੇ ਸਾਨੂੰ ਕੀ ਦਿੱਤਾ ਹੈ? ਇਸ ‘ਤੇ ਪੰਡਿਤ ਜੀ ਦਾ ਜਵਾਬ ਸੀ ਕਿ ਤੁਸੀਂ ਅੱਜ ਆਪਣੇ ਪ੍ਰਧਾਨ ਮੰਤਰੀ ਨੂੰ ਗਲੋਂ ਫੜ ਸਕਦੇ ਹੋ, ਅਜ਼ਾਦੀ ਨੇ ਇਹ ਅਧਿਕਾਰ ਤੁਹਾਨੂੰ ਦਿੱਤਾ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਸਾਡੇ ਲਈ ਕਾਫੀ ਹੈ ਕਿ ਮੇਰੇ ਪੰਜਾਬ ਦੇ ਕਿਸਾਨ ਤੁਹਾਡਾ ਗਲਾ ਨਹੀਂ ਫੜ ਰਹੇ, ਤੁਹਾਡੇ ਅੱਗੇ ਬੇਨਤੀ ਲੈ ਕੇ ਆਏ ਹਨ। ਉਹਨਾਂ ਦੀ ਗੱਲ ਸੁਣਨਾ ਤੁਹਾਡੀ ਜ਼ਿੰਮੇਵਾਰੀ ਇਸ ਕਰਕੇ ਹੈ ਕਿ ਤੁਸੀਂ ਸਾਡੇ ਸਾਰਿਆਂ ਦੇ ਪ੍ਰਧਾਨ ਮੰਤਰੀ ਹੋ।

ਲਗਪਗ 150 ਕਿਸਾਨ ਇਸ ਅੰਦੋਲਨ ਦੀ ਭੇਟ ਚੜ੍ਹ ਚੁੱਕੇ ਹਨ। ਉਹਨਾਂ ਮਰ ਗਏ ਲੋਕਾਂ ਦੇ ਵੀ ਤੁਸੀਂ ਹੀ ਪ੍ਰਧਾਨ ਮੰਤਰੀ ਸੀ। ਪਰ ਤੁਹਾਡਾ ਉਹਨਾਂ ਦੀ ਮੌਤ ਉੱਪਰ ਅਫ਼ਸੋਸ ਦਾ ਇਕ ਵੀ ਸ਼ਬਦ ਨਾ ਬੋਲਣਾ, ਦਿਲ ਨੂੰ ਤਕਲੀਫ਼ ਦਿੰਦਾ ਹੈ।

ਪ੍ਰਧਾਨ ਮੰਤਰੀ ਜੀ, ਇਹਨਾਂ ਕਿਸਾਨਾਂ ਦਾ ਕੜਾਕੇ ਦੀ ਠੰਡ ਵਿੱਚ ਬੈਠਣ ਦਾ ਤੁਹਾਨੂੰ ਕੋਈ ਦਰਦ ਨਹੀਂ? ਮੈਂ ਇਹ ਮੰਨ ਨਹੀਂ ਸਕਦਾ। ਤੁਸੀਂ ਆਰਾਮ ਨਾਲ ਨਹੀਂ ਸੌਂ ਸਕਦੇ ਹੋਵੋਗੇ, ਇਹ ਮੇਰਾ ਦਾਵਾ ਹੈ।

ਤੁਸੀਂ ਦੇਸ਼ ਦੀ ਤਰੱਕੀ ਕਰਨੀ ਹੈ, ਇਸ ਵਾਸਤੇ ਤੁਹਾਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੀ ਸਹਾਇਤਾ ਦੀ ਲੋੜ ਹੈ। ਇਸੇ ਤਰ੍ਹਾਂ ਕਿਸਾਨਾਂ ਨੇ ਦੇਸ਼ ਦੀ ਜਨਤਾ ਲਈ ਅਨਾਜ ਪੈਦਾ ਕਰਨਾ ਹੈ, ਉਹਨਾਂ ਨੂੰ ਤੁਹਾਡੀ ਲੋੜ ਹੈ। ਜੇ ਕਾਰਪੋਰੇਟ ਘਰਾਣੇ ਤੁਹਾਡਾ ਸਾਥ ਨਾ ਦੇਣ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਜੇ ਕਿਸਾਨਾਂ ਦਾ ਸਾਥ ਉਹਨਾਂ ਦਾ ਪ੍ਰਧਾਨ ਮੰਤਰੀ ਨਹੀਂ ਦੇਵੇਗਾ, ਉਹਨਾਂ ਨੂੰ ਵੀ ਉਸੇ ਤਰ੍ਹਾਂ ਦੀ ਤਕਲੀਫ਼ ਹੋਵੇਗੀ।

ਪ੍ਰਧਾਨ ਮੰਤਰੀ ਜੀ, ਕਿਸਾਨ ਤੁਹਾਡੇ ਹਨ। ਜੇ ਤੁਸੀਂ ਇਕ ਬਾਰ ਇਹ ਕਾਨੂੰਨ ਰੱਦ ਕਰ ਦਿੰਦੇ ਹੋ ਤੇ ਨਵੇਂ ਕਾਨੂੰਨ ਬਣਾਉਣ ਲਈ ਖੇਤੀ ਮਾਹਿਰਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਆਪਣੇ ਨਾਲ ਬਿਠਾਉਂਦੇ ਹੋ ਤਾਂ ਮੇਰਾ ਇਹ ਦਾਵਾ ਹੈ ਕਿ ਇਹ ਦੋ ਸੂਬਿਆਂ ਦੇ ਕਿਸਾਨ ਹੀ ਨਹੀਂ, ਸਾਰੇ ਦੇਸ਼ ਦੇ ਕਿਸਾਨ ਤੁਹਾਡੇ ਨਾਲ ਖੜ੍ਹੇ ਹੋਣਗੇ। ਇਕ ਵਾਰ ਇਹਨਾਂ ਨੂੰ ਆਪਣੇ ਗਲ ਲਾਓ ਤਾਂ ਸਹੀ। ਤੁਸੀਂ ਉਹਨਾਂ ਨੂੰ ਮਾਣ ਦਿਉਗੇ ਤਾਂ ਉਹ ਵੀ ਤੁਹਾਨੂੰ ਮਾਣ ਹੀ ਬਖ਼ਸ਼ਣਗੇ।

ਪੰਜਾਬੀਆਂ ਨੇ ਤਾਂ ਬਿਗ਼ਾਨਿਆਂ ਨਾਲ ਵੀ ਨਿਭਾ ਲਈ…ਜਿਹਨਾਂ ਨੇ ਪਿਆਰ ਦਿੱਤਾ ਉਹਨਾਂ ਲਈ ਇਹ ਜਾਨਾਂ ਵਾਰਦੇ ਰਹੇ ਹਨ। ਕੈਨੇਡਾ ਨੇ ਇਕ ਬੁੱਕਣ ਸਿੰਘ ਨੂੰ ਪਿਆਰ ਦਿੱਤਾ ਸੀ ਤੇ ਉਹ ਭਰੀ ਜਵਾਨੀ ਵਿੱਚ ਕੈਨੇਡਾ ‘ਤੇ ਜਾਨ ਵਾਰ ਗਿਆ ਸੀ।

ਇਟਲੀ, ਜਰਮਨੀ, ਇੰਗਲੈਂਡ, ਫ੍ਰਾਂਸ ਵਿੱਚ ਜਾ-ਜਾ ਕੇ ਇਹਨਾਂ ਪੰਜਾਬੀਆਂ ਨੇ ਜਾਨਾਂ ਵਾਰੀਆਂ ਹਨ, ਸਿਰਫ਼ ਇਸ ਕਰਕੇ ਕਿ ਕਿਸੇ ਨੇ  ਉਹਨਾਂ ਨੂੰ ਪਿਆਰ ਨਾਲ ਆਵਾਜ਼ ਮਾਰੀ ਸੀ।

ਤੁਸੀਂ ਇਹ ਕਿਵੇਂ ਸਮਝ ਬੈਠੇ ਕਿ ਪੰਜਾਬੀ ਤੁਹਾਡੇ ਦੁਸ਼ਮਣ ਹਨ? ਪੰਜਾਬੀ, ਦੁਸ਼ਮਣ ਹੋ ਹੀ ਨਹੀਂ ਸਕਦਾ।

ਤੁਸੀਂ ਦਿੱਲੀ ਦੇ ਬੌਰਡਰ ‘ਤੇ ਜਿਸ ਤਰ੍ਹਾਂ ਨਾਲ ਕਿਲ੍ਹਾਬੰਦੀ ਕੀਤੀ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਕ ਦੇਸ਼ ਦੀ ਸਰਕਾਰ ਨੂੰ ਆਪਣੇ ਹੀ ਅੰਨਦਾਤਿਆਂ ਕੋਲੋਂ ਕੀ ਡਰ ਅਤੇ ਕਿਵੇਂ ਹੋ ਸਕਦਾ ਹੈ? ਇਸ ਤਰ੍ਹਾਂ ਤਾਂ ਦੁਸ਼ਮਣਾਂ ਨਾਲ ਕੀਤੀ ਜਾਂਦੀ ਹੈ ਤੇ ਤੁਸੀਂ, ਕਿਰਪਾ ਕਰਕੇ, ਅਜਿਹਾ ਨਾ ਕਰੋ। ਉਹ ਤਾਂ ਤੁਹਾਡੇ ਗਲ਼ ਲੱਗਣ ਲਈ ਆਏ ਹਨ, ਗਲ਼ ਪੈਣ ਲਈ ਨਹੀਂ।

ਪਿਆਰੇ ਪ੍ਰਧਾਨ ਮੰਤਰੀ ਜੀ, ਮੈਂ ਕਿਸਾਨਾਂ ਦੇ ਅੱਗੇ ਕੁਝ ਨਹੀਂ ਹਾਂ ਪਰ ਤੁਹਾਨੂੰ ਹੋਈ ਤਕਲੀਫ਼ ਲਈ ਉਹਨਾਂ ਵੱਲੋਂ ਮਾਫੀ ਚਾਹੁੰਦਾ ਹਾਂ ਤੇ ਉਹ ਵੀ ਤੁਹਾਡੀ ਸਰਕਾਰ ਵੱਲੋਂ ਕੀਤੇ ਗਏ ਧੱਕਿਆਂ ਲਈ ਮਾਫ਼ ਕਰ ਦੇਣਗੇ, ਮੈਨੂੰ ਯਕੀਨ ਹੈ।

ਮੈਂ ਤੁਹਾਡੇ ਸਾਹਮਣੇ ਵੀ ਕੁਝ ਨਹੀਂ ਹਾਂ। ਪਰ ਬੇਨਤੀ ਤਾਂ ਮੈਂ ਕਰ ਹੀ ਸਕਦਾ ਹਾਂ। ਨਦੀਆਂ, ਸਮੁੰਦਰ ਵਿੱਚ ਰਲ਼ਦੀਆਂ ਹਨ ਤੇ ਸਮੁੰਦਰ ਕਦੀ ਉਹਨਾਂ ਨੂੰ ਆਪਣੇ ਗਲ਼ ਲਾਉਣ ਲਈ ਨਾਂਹ ਨਹੀਂ ਕਰਦਾ। ਤੁਸੀਂ ਵੀ ਸਮੁੰਦਰ ਹੋ, ਪੰਜਾਬ ਤੇ ਹਰਿਆਣਾ ਤੋਂ ਦੋ ਨਦੀਆਂ ਆਈਆਂ ਹਨ, ਇਹਨਾਂ ਨੂੰ ਗ਼ਲ ਲਾਵੋ ਤੇ ਆਪ ਖੁਦ ਇਹਨਾਂ ਨੂੰ ਘਰਾਂ ਨੂੰ ਤੋਰੋ।

ਯਕੀਨ ਕਰਨਾ, ਜਿਸ ਦਿਨ ਤੁਸੀਂ ਅਜਿਹਾ ਕਰ ਦਿਉਗੇ, ਤੁਹਾਨੂੰ ਬਹੁਤ ਵਧੀਆ ਨੀਂਦ ਆਵੇਗੀ; ਚੈਨ ਤੇ ਸੁਖ, ਸ਼ਾਂਤੀ ਵਾਲੀ ਨੀਂਦ।

ਚੰਗਾ ਪ੍ਰਧਾਨ ਮੰਤਰੀ ਉਹੀ ਹੁੰਦਾ ਹੈ, ਜਿਸ ਨੂੰ ਸੁਖ, ਸ਼ਾਂਤੀ ਵਾਲੀ ਨੀਂਦ ਆਉਂਦੀ ਹੋਵੇ।

ਤੁਹਾਡਾ ਸ਼ੁਭ ਚਿੰਤਕ,  

ਰਿਸ਼ੀ ਨਾਗਰ

19 Likes

Comments: 0

There are not comments on this post yet. Be the first one!

Leave a comment